ਹਰੀਕੇ ਪੱਤਣ, 21 ਜੂਨ (ਸੰਜੀਵ ਕੁੰਦਰਾ)-ਸਰਕਾਰਾਂ ਵਲੋਂ ਵਿਕਾਸ ਦੇ ਵੱਡੇ ਵੱਡੇ ਦਾਅਵਿਆਂ ਵਿਚੋਂ ਬਹੁਤੇ ਤਾਂ ਕਾਗਜ਼ਾਂ ਵਿਚ ਹੀ ਦਫ਼ਨ ਹੋ ਕੇ ਰਹਿ ਜਾਂਦੇ ਹਨ ਅਤੇ ਆਪਣੀ ਹੱਕ ਹਲਾਲ ਦੀ ਕਮਾਈ ਵਿਚੋਂ ਸਰਕਾਰਾਂ ਨੂੰ ਟੈਕਸ ਦੇਣ ਵਾਲੀ ਜਨਤਾ ਮੁਸ਼ਕਿਲਾਂ ਨਾਲ ਦੋ-ਚਾਰ ਹੁੰਦੀ ਰਹਿੰਦੀ ਹੈ, ਪਰ ਇਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ। ਅਜਿਹੀ ਹੀ ਉਦਹਾਰਣ ਹੈ ਮਾਝੇ ਦੇ ਪ੍ਰਵੇਸ਼ ਦੁਆਰ ਵਜੋਂ ਜਾਣਿਆ ਜਾਂਦਾ ਕਸਬਾ ਹਰੀਕੇ ਪੱਤਣ, ਜੋ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ। ਜਿੱਥੇ ਇਹ ਕਸਬਾ ਮੁੱਖ ਲੋੜਾਂ ਲੜਕੀਆਂ ਦੇ ਕਾਲਜ ਦੀ ਘਾਟ, ਖੇਡ ਸਟੇਡੀਅਮ ਆਦਿ ਸਹੂਲਤਾਂ ਲਈ ਸਰਕਾਰ ਦੇ ਮੂੰਹ ਵੱਲ ਦੇਖ ਰਿਹਾ ਹੈ, ਉੱਥੇ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਬੱਸ ਅੱਡੇ ਨੂੰ ਵੀ ਤਰਸ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਹੀ ਹਜ਼ਾਰਾਂ ਮੁਸਾਫ਼ਿਰ ਖੱਜਲ ਖੁਆਰ ਹੁੰਦੇ ਹਨ। ਜ਼ਿਕਰਯੋਗ ਹੈ ਕਿ ਹਰੀਕੇ ਝੀਲ ਦੇ ਕਾਰਨ ਇਹ ਕਸਬਾ ਵਿਸ਼ਵ ਦੇ ਨਕਸ਼ੇ ’ਤੇ ਅਹਿਮ ਸਥਾਨ ਰੱਖਦਾ ਹੈ। ਕਸਬਾ ਹਰੀਕੇ ਪੱਤਣ ਜੋ ਰਾਸ਼ਟਰੀ ਮਾਰਗ 54 ’ਤੇ ਸਥਿਤ ਹੈ ਤੇ ਇੱਥੋਂ ਦਿਨ ਰਾਤ ਬੱਸ ਸੇਵਾ ਚੱਲਦੀ ਰਹਿੰਦੀ ਹੈ। ਦੇਸ਼ ਦੇ ਹਰ ਕੋਨੇ ਨੂੰ ਬੱਸ ਸੇਵਾ ਇੱਥੇ ਮਿਲਦੀ ਹੈ ਅਤੇ ਰੋਜ਼ਾਨਾ ਹੀ ਹਜ਼ਾਰਾਂ ਮੁਸਾਫ਼ਿਰ ਇੱਥੋਂ ਆਪਣੀ ਮੰਜ਼ਿਲ ਲਈ ਬੱਸ ਸੇਵਾ ਲੈਂਦੇ ਹਨ, ਪਰ ਕੋਈ ਵੀ ਸਥਾਈ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਹਨ, ਕਿਉਂਕਿ ਜਿਥੇ ਬੱਸ ਰੁੱਕ ਗਈ, ਉੱਥੇ ਹੀ ਬੱਸ ਸਟਾਪ। ਜਿੱਥੇ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਹਨ ਉੱਥੇ ਬੱਸਾਂ ਦੇ ਕੁਝ ਡਰਾਈਵਰ ਦੀਆਂ ਮਨਮਰਜ਼ੀਆਂ ਕਾਰਨ ਅਕਸਰ ਜਾਮ ਦੀ ਸਮੱਸਿਆਂ ਹੋਣ ਕਾਰਨ ਲੋਕ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਅੱਤ ਦੀ ਗਰਮੀ ਅਤੇ ਭਾਰੀ ਸਰਦੀ ਅਤੇ ਬਾਰਿਸ਼ ਵਿਚ ਵੀ ਮੁਸਾਫ਼ਿਰ ਖੁੱਲ੍ਹੇ ਅਸਮਾਨ ਹੇਠ ਹੀ ਬੱਸਾਂ ਦਾ ਇੰਤਜ਼ਾਰ ਕਰਨ ਲਈ ਮਜ਼ਬੂਰ ਹਨ। ਕਸਬਾ ਹਰੀਕੇ ਪੱਤਣ ਜਿੱਥੇ ਰੋਜ਼ਾਨਾ ਦਿਨ ਰਾਤ ਸੈਂਕੜੇ ਬੱਸਾਂ ਠਹਿਰਾਓ ਹੋਣ ਦੇ ਬਾਵਜੂਦ ਮੁਸਾਫ਼ਿਰ ਖੁੱਲ੍ਹੇ ਅਸਮਾਨ ਹੇਠ ਰੁਕਣ ਲਈ ਮਜ਼ਬੂਰ ਹੋਣਾ ਤਾਂ ਸਰਕਾਰਾਂ ਦੇ ਹਵਾਈ ਦਾਅਵਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ।
ਆਜ਼ਾਦੀ ਦੇ 78 ਸਾਲ ਬਾਅਦ ਵੀ ਬੱਸ ਅੱਡੇ ਨੂੰ ਤਰਸਦਾ ਮਾਝੇ ਦਾ ਪ੍ਰਵੇਸ਼ ਦੁਆਰ ਕਸਬਾ ਹਰੀਕੇ ਪੱਤਣ
ਅਜੀਤ ਡੈਸਕ
23-06-2026