ਨੌਸ਼ਹਿਰਾ ਪੰਨੂੰਆਂ, 22 ਜੂਨ (ਦੀਪਕ ਮੈਣੀ)- ਸੇਰੋਂ ਖੰਡ ਮਿੱਲ ਬਚਾਓ ਪੱਕਾ ਮੋਰਚਾ ’ਤੇ ਬੈਠੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਾਹ ਕੀਤਾ ਕਿ ਅਮਰੀਕਾ ਨਾਲ ਨੇੜ੍ਹਤਾ ਹਮੇਸ਼ਾਂ ਭਾਰਤ ਨੂੰ ਮਹਿੰਗੀ ਪਈ ਹੈ। ਮੋਦੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਨਤਾ ਪਾਰਟੀ ਦੀ ਸਰਕਾਰ ਵੇਲੇ ਜਨਸੰਘੀ ਪ੍ਰਧਾਨ ਮੰਤਰੀ ਮੋਰਾਰ ਜੀ. ਡੇਸਾਈ ਨੇ ਵੀ ਅਮਰੀਕਾ ਨਾਲ ਸਮਝੌਤੇ ਕਰਨ ਲਈ ਕਾਹਲ ਵਿਖਾਈ ਸੀ, ਜਿਸ ’ਤੇ ਉਸਨੂੰ ਮੂੰਹ ਦੀ ਖਾਣੀ ਪਈ ਸੀ। ਹੁਣ ਮੋਦੀ ਸਰਕਾਰ ਅਮਰੀਕਾ ਦੇ ਥੱਲੇ ਲੱਗ ਕੇ ਤੇ ਉਸ ਦੀਆਂ ਸ਼ਰਤਾਂ ਤਹਿਤ ਵਪਾਰਕ ਸਮਝੌਤਾ ਕਰਨ ਲਈ ਕਾਹਲੀ ਹੈ, ਜਿਸ ਨਾਲ ਭਾਰਤੀ ਖੇਤੀ ਤੇ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਵੇਗਾ। ਇਹ ਸ਼ਬਦ ਸੇਰੋਂ ਖੰਡ ਮਿੱਲ ਬਚਾਓ ਪੱਕਾ ਮੋਰਚਾ ’ਤੇ ਬੈਠੇ ਕਿਸਾਨ ਆਗੂਆਂ ਨੇ ਕਹੇ। ਕਿਸਾਨ ਮੋਰਚਾ ਦੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਬਲਕਾਰ ਸਿੰਘ ਵਲਟੋਹਾ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ , ਇੰਦਰਜੀਤ ਸਿੰਘ ਮਰਹਾਣਾ ਨੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਮੋਦੀ ਸਰਕਾਰ ਨੂੰ ਅਜਿਹਾ ਸਮਝੌਤਾ ਇਕ ਸਾਮਰਾਜ ਸਰਗਣੇ ਦੇਸ਼ ਨਾਲ ਕਦਾਚਿਤ ਨਹੀਂ ਕਰਨਾ ਚਾਹੀਦਾ, ਜੋ ਸਾਡੇ ਦੇਸ਼ ਦੀ ਮਿਹਨਤਕਸ਼ ਜਨਤਾ ਦਾ ਲਹੂ ਚੂਸਣ ਵਾਲਾ ਹੋਵੇ। ਧਰਨੇ ’ਤੇ ਬੈਠਿਆਂ ਕਿਸਾਨ ਆਗੂ ਅਮਰੀਕ ਸਿੰਘ ਸੇਰੋਂ, ਕਸ਼ਮੀਰ ਸਿੰਘ ਸੇਰੋਂ, ਪਰਮਜੀਤ ਸਿੰਘ ਚੋਹਲਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਮੰਗਲ ਸਿੰਘ, ਤਰਲੋਚਨ ਸਿੰਘ, ਸੁਖਚੈਨ ਸਿੰਘ ਤੇ ਰਣਜੀਤ ਸਿੰਘ ਸੋਹਲ, ਕੁਲਦੀਪ ਸਿੰਘ ਤੇ ਸੁਖਦੇਵ ਸਿੰਘ ਵੈਰੋਵਾਲ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ ਅੱਲੋਵਾਲ, ਨਾਜ਼ਰ ਸਿੰਘ ਸਰਹਾਲੀ, ਸੁਖਦੇਵ ਸਿੰਘ, ਸੁਖਪਾਲ ਸਿੰਘ ਸਿੱਧੂ, ਲਖਵਿੰਦਰ ਸਿੰਘ ਫੈਲੋਕੇ, ਕਸ਼ਮੀਰ ਸਿੰਘ ਫੌਜੀ, ਸੁਖਵਿੰਦਰ ਸਿੰਘ ਕੋਟ ਮੁਹੰਮਦ, ਅੰਮ੍ਰਿਤਪਾਲ ਸਿੰਘ ਜੌੜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨਹਿਰਾਂ ਨਾਲਿਆਂ ਦੇ ਬੰਨ੍ਹ ਤੁਰੰਤ ਮਜ਼ਬੂਤ ਕਰਨ ਦਾ ਪ੍ਰਬੰਧ ਕਰੇ, ਕਿਉਂਕਿ ਪੰਜਾਬ ਵਿਚ ਪਿਛਲੇ ਦਿਨੀਂ ਕਈ ਥਾਈਂ ਨਹਿਰਾਂ ਦੇ ਕੰਢੇ ਟੁੱਟਣ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ। ਤਰਨ ਤਾਰਨ ਜ਼ਿਲ੍ਹੇ ਵਿਚ ਹੀ ਰਸੂਲਪੁਰ ਨਹਿਰ ਹਾਈਵੇ ਨੇੜਿਉਂ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਮਾਨਸੂਨ ਬਾਰਿਸ਼ਾਂ ਸ਼ੁਰੂ ਨਹੀਂ ਹੋਈਆਂ, ਪਰ ਬੰਨ ਟੁੱਟ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਸੇਰੋਂ ਖੰਡ ਮਿੱਲ ਦੀ ਜ਼ਮੀਨ ਹੋਰ ਵਿਭਾਗਾਂ ਨੂੰ ਦੇਣ ਦੀ ਜ਼ਿੱਦ ਛੱਡ ਕੇ ਸਰਕਾਰ ਇਹਨੂੰ ਮੁੜ ਚਾਲੂ ਕਰਨ ਦਾ ਫੈਸਲਾ ਕਰਕੇ ਲੋਕ ਹਿੱਤ ਵਿਚ ਫੈਸਲਾ ਲਵੇ।