ਤਰਨ ਤਾਰਨ, 11 ਜੁਲਾਈ (ਇਕਬਾਲ ਸਿੰਘ ਸੋਢੀ)–ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਰਜਵੰਤ ਕੌਰ ਮਰਹਾਣਾ ਦੀ ਅਗਵਾਈ ਹੇਠ ਗਾਂਧੀ ਪਾਰਕ ਵਿਖੇ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਮਿਡ-ਡੇ-ਮੀਲ ਤਿਆਰ ਕਰਨ ਵਾਲੀਆਂ ਵਰਕਰਾਂ ਨੇ ਭਾਗ ਲਿਆ । ਵਰਕਰ ਮੰਗ ਕਰ ਰਹੇ ਹਨ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਉਜਰਤਾਂ ਦੇ ਘੇਰੇ ਵਿਚ ਲਿਆਂਦਾ ਜਾਵੇ ਅਤੇ ਕਿਰਤ ਕਮਿਸ਼ਨ ਵਲੋਂ ਨਿਰਧਾਰਿਤ ਉਜਰਤਾਂ ਘੱਟੋ ਘੱਟ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੁਰੰਤ ਲਾਗੂ ਕੀਤਾ ਜਾਵੇ, ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਣ, ਮਿਡ-ਡੇ-ਮੀਲ ਵਰਕਰਾਂ ਦਾ 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ, ਵਾਧੂ ਕੰਮ ਦੇ ਵਾਧੂ ਪੈਸੇ ਦਿੱਤੇ ਜਾਣ, ਮਿਡ-ਡੇ-ਮੀਲ ਵਰਕਰ ਨੂੰ ਖਾਣਾ ਬਣਾਉਣ ਅਤੇ ਪ੍ਰੋਸਣ ਤੋਂ ਬਾਅਦ ਛੁੱਟੀ ਹੋਣ ਤੱਕ ਨਾ ਰੋਕਿਆ ਜਾਵੇ, ਪੰਜਾਬ ਸਰਕਾਰ ਵਲੋਂ ਕੰਮ ਦੀਆਂ ਸ਼ਰਤਾਂ ਵਾਲੀ ਚਿੱਠੀ ਤਰੁੰਤ ਲਾਗੂ ਕੀਤੀ ਜਾਵੇ। ਇਸ ਮੀਟਿੰਗ ਨੂੰ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਪਰਮਜੀਤ ਕੌਰ, ਰਣਜੀਤ ਕੌਰ, ਪ੍ਰਵੀਨ ਕੌਰ, ਰਾਜਵਿੰਦਰ ਕੌਰ ਅਲਗੋ, ਜਸਵਿੰਦਰ ਕੌਰ, ਸਵਰਨ ਕੌਰ ਤੋਂ ਇਲਾਵਾ ਨਿਰਮਲ ਸਿੰਘ ਮਾੜੀ ਗੌਡ ਸਿੰਘ ਵਾਲਾ, ਦਵਿੰਦਰ ਸਿੰਘ ਬਿੱਟੂ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ ਨੇ ਸੰਬੋਧਨ ਕੀਤਾ।