ਫਤਿਆਬਾਦ, 11 ਜੁਲਾਈ (ਹਰਵਿੰਦਰ ਸਿੰਘ ਧੂੰਦਾ)–ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਟਾਂਡਾ ਵਲੋਂ ਇਕ ਬਹੁਤ ਹੀ ਜ਼ਰੂਰੀ ਮੀਟਿੰਗ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿਚ ਗੁਰਦੁਆਰਾ ਛਾਬੜੀ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਨ ਸਕੱਤਰ ਲਖਵਿੰਦਰ ਸਿੰਘ ਸੰਗਤਪੁਰ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਵੇਈਪੂਈ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜੋ ਅਮਰੀਕਾ ਨਾਲ ਸਮਝੌਤੇ ਕਰ ਰਹੀ ਹੈ, ਉਹ ਸਾਰੇ ਕਿਸਾਨ, ਮਜ਼ਦੂਰ ਅਤੇ ਛੋਟੇ ਦੁਕਾਨਦਾਰਾਂ ਵਾਸਤੇ ਬਹੁਤ ਹੀ ਭਿਆਨਕ ਹਨ । ਇਸੇ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਨੀਤੀ ਜੋ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਹੁਣ ਫਿਰ ਤੋਂ ਨਵੇਂ ਰੂਪ ਵਿੱਚ ਲੈ ਕੇ ਆ ਰਹੀ ਹੈ ਜੋ ਕਿ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਦਾ ਇਕ ਜਰੀਆ ਬਣਾਇਆ ਗਿਆ ਹੈ ਕਿ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅਮੀਰ ਘਰਾਣਿਆਂ ਨੂੰ ਦਿੱਤੀਆਂ ਜਾ ਸਕਣ । ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਪਿੰਡਾਂ ਵਿਚ ਚਿਪ ਵਾਲੇ ਮੀਟਰ ਲਾਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਉਪਰੋਕਤ ਸਾਰੀਆਂ ਹੀ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿਚ ਪੂਰੇ ਭਾਰਤ ਵਿੱਚ ਦੇਸ਼ ਬਚਾਓ ਮੋਰਚਾ ਅਤੇ ਕੇ.ਐੱਮ.ਐੱਮ. ਵਲੋਂ ਜੋ 15 ਜੁਲਾਈ ਨੂੰ ਪੂਰੇ ਦੇਸ਼ ਵਿਚ ਮੋਟਰਸਾਈਕਲ ਮਾਰਚ ਕੱਢ ਕੇ ਮੰਗ ਪੱਤਰ ਦਿੱਤੇ ਜਾਣੇ ਹਨ ਅਤੇ 21 ਜੁਲਾਈ ਨੂੰ ਦਿੱਲੀ ਵਿਖੇ ਕਿਸਾਨ ਘਾਟ ਵਿਖੇ ਜੋ ਦੇਸ਼ ਵਿਆਪੀ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਦੀਆਂ ਤਿਆਰੀਆਂ ਕਿਸ ਤਰ੍ਹਾਂ ਕੀਤੀਆਂ ਜਾਣੀਆਂ ਹਨ, ਉਹ ਵਿਚਾਰਾਂ ਕਿਸਾਨ ਆਗੂਆਂ ਨਾਲ ਕੀਤੀਆਂ ਗਈਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵਾਨ ਸਿੰਘ ਧੂੰਦਾ ਅਤੇ ਦਵਿੰਦਰ ਸਿੰਘ ਗੋਇੰਦਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮਾਰੂ ਨੀਤੀਆਂ ਪੰਜਾਬ ਵਿੱਚ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ, ਭਾਵੇਂ ਕਿੰਨਾ ਵੀ ਲੰਬੇ ਤੋਂ ਲੰਬਾ ਸੰਘਰਸ਼ ਕਰਨਾ ਪਵੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਖਵਾਸਪੁਰ , ਸੰਤੋਖ ਸਿੰਘ ਖਵਾਸਪੁਰ, ਜਗਰੂਪ ਸਿੰਘ ਖਵਾਸਪੁਰ,ਭੁਪਿੰਦਰ ਸਿੰਘ ਧੂੰਦਾ, ਨਿਰਮਲ ਸਿੰਘ ਤੁੜ, ਸੁਖਚੈਨ ਸਿੰਘ ਛਾਬੜੀ ਸਾਹਿਬ,ਪ੍ਰਤਿਪਾਲ ਸਿੰਘ ਖਾਨ, ਮੁਖਤਾਰ ਸਿੰਘ ਭੋਜੋਵਾਲੀ, ਸੁਲਖਣ ਸਿੰਘ ਲੁਹਾਰ, ਹਰਜੀਤ ਸਿੰਘ ਛਾਬੜੀ ਸਾਹਿਬ, ਸਤਨਾਮ ਸਿੰਘ ਜਾਮਾ ਰਾਏ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ ।