ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)–ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਲਗਪਗ ਦੋ ਮਹੀਨੇ ਤੋਂ ਆਸਟ੍ਰੇਲੀਆ ਦੀਆਂ ਸੰਗਤਾਂ ਵਿਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ। ਇਸ ਪ੍ਰਚਾਰ ਫੇਰੀ ਦੌਰਾਨ ਬਾਬਾ ਜੀ ਵਲੋਂ ਸਿੱਖ ਸੰਗਤਾਂ ਨੂੰ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ, ਗੁਰਬਾਣੀ ਦੇ ਉਪਦੇਸ਼ਾਂ ਤੇ ਅਮਲ ਕਰਨ, ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੰਪਰਦਾਇ ਵਲੋਂ ਸਾਲ 2023 ਅਤੇ ਸਾਲ 2025 ਵਿੱਚ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਮਹਾਨ ਸੇਵਾਵਾਂ ਕੀਤੀਆਂ ਗਈਆਂ। ਸਿੱਖ ਸੰਗਤਾਂ ਅਤੇ ਦੁਨੀਆਂ ਭਰ ਰਾਜਨੇਤਾਵਾਂ ਵਲੋਂ ਇਹਨਾਂ ਸੇਵਾਵਾਂ ਨੂੰ ਵਿਸ਼ਵ ਪੱਧਰ ਤੇ ਸਨਮਾਨਿਆ ਗਿਆ ਹੈ। ਇਸੇ ਤਰ੍ਹਾਂ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੈਲਬੌਰਨ ਵਿਚ ਮੈਂਬਰ ਪਾਰਲੀਮੈਂਟ (ਫੈਡਰਲ ਮੈਂਬਰ ਆਫ ਗਾਰਟਨ) ਮਿਸ ਐਲਿਸ ਜਾਰਡਨ ਬੇਅਰਡ ਵਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਆਖਿਆ ਕਿ ਅਸੀਂ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕਰਦੇ ਹਾਂ। ਉਹ ਮਾਨਵਤਾ ਦੇ ਮਹਾਨ ਮਦਦਗਾਰ ਅਤੇ ਸਹਾਇਕ ਹਨ। ਸਾਨੂੰ ਸਭ ਨੂੰ ਉਨਾਂ ਦੀ ਪਵਿੱਤਰ ਸਖਸ਼ੀਅਤ ਤੋਂ ਬਹੁਤ ਚੰਗੀ ਪ੍ਰੇਰਨਾ ਮਿਲਦੀ ਹੈ। ਬਾਬਾ ਜੀ ਨੂੰ ਸਨਮਾਨ ਚਿੰਨ ਦਿੰਦੇ ਹੋਏ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਮੌਕੇ ਅਵਤਾਰ ਸਿੰਘ, ਪ੍ਰੀਤਮ ਸਿੰਘ, ਸੰਦੀਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।