ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਕੁਝ ਵਿਅਕਤੀਆਂ ਨੂੰ ਨਸ਼ਾ ਕਰਨ ਤੋਂ ਰੋਕਣ ’ਤੇ ਇਕ ਵਿਅਕਤੀ ਉਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਲਭਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਨਵਾਲੀਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 14 ਜੁਲਾਈ ਨੂੰ ਉਨ੍ਹਾਂ ਦੇ ਪਿੰਡ ਦੇ ਸਮਸ਼ਾਨਘਾਟ ਕੋਲ ਰਾਹੁਲ ਉਰਫ ਸੁੰਡੀ ਪੁੱਤਰ ਹਰਜਿੰਦਰ ਸਿੰਘ ਵਾਸੀ ਕਲੇਰ, ਗੈਰੀ ਸਿੰਘ ਪੁੱਤਰ ਕ੍ਰਿਪਾ ਸਿੰਘ ਵਾਸੀ ਕਲੇਰ, ਹਨੀ ਪੁੱਤਰ ਗੈਰੀ ਸਿੰਘ ਵਾਸੀ ਕਲੇਰ, ਦੀਪੀ ਵਾਸੀ ਡੁਗਰੀ ਤੋਂ ਇਲਾਵਾ ਤਿੰਨ ਅਣਪਛਾਤੇ ਨੌਜਵਾਨ ਨਸ਼ਾ ਵੇਚ ਰਹੇ ਸਨ ਤਾਂ ਜਦੋਂ ਉਸ ਨੇ ਰੋਕਿਆ ਤਾਂ ਉਕਤ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ। ਜਦੋਂ ਉਸ ਨੇ ਆਪਣੇ ਫੋਨ ਵਿਚ ਵੀਡੀਓ ਬਣਾਉਣ ਲੱਗਾ ਤਾਂ ਉਨ੍ਹਾਂ ਨੇ ਉਸ ਦਾ ਫੋਨ ਖੋਹ ਲਿਆ ਅਤੇ ਉਸ ਉਪਰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।