07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

48 ਸਾਲਾਂ ਤੋਂ ਵਿਛੜੇ ਸਕੇ ਭਰਾਵਾਂ ਦਾ ਐਸ.ਆਈ.ਆਰ. ਨੇ ਕਰਵਾਇਆ ਮਿਲਾਪ

Ad Position 21
No active advertisement
ਅਜੀਤ ਡੈਸਕ 17-07-2026
ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)- ਮੁੱਖ ਚੋਣ ਕਮਿਸ਼ਨਰ ਭਾਰਤ ਵਲੋਂ ਕਰਵਾਈ ਜਾ ਰਹੀ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਮੁੱਖ ਚੋਣ ਕਮਿਸ਼ਨਰ ਅਫਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿੱਤਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਖਡੂਰ ਸਾਹਿਬ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ -ਕਮ ਐਸ.ਡੀ.ਐਮ. ਖਡੂਰ ਸਾਹਿਬ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਐਸ.ਆਈ.ਆਰ. ਦਾ ਕੰਮ ਬਾਖੂਬੀ ਚੱਲ ਰਿਹਾ ਹੈ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਪਿੰਡ ਚੁਤਾਲਾ ਦੇ ਬੂਥ ਨੰਬਰ 47 ਦੇ ਬੀ.ਐਲ.ਓ. ਦਵਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਕੋਲ ਵਿਜੈ ਸਿੰਘ (67) ਵਾਸੀ ਚੁਤਾਲਾ 2003 ਅਨੁਸਾਰ ਵੋਟਾਂ ਸੰਬੰਧੀ ਆਪਣਾ ਰਿਕਾਰਡ ਲੈਣ ਆਏ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਚੰਡੀਗੜ੍ਹ ਦੇ ਨੇੜ੍ਹੇ ਹਰਿਆਣਾ ਦੇ ਜ਼ਿਲ੍ਹਾ ਪੰਚਕੁਲਾ ਦੇ ਤਹਿਸੀਲ ਕਾਲਕਾ ਦੇ ਪਿੰਡ ਮੜਾਵਾਲੇ ਰਹਿੰਦੇ ਹਨ। ਉਨ੍ਹਾਂ ਆਪਣੀ ਸਾਰੀ ਦਾਸਤਾਨ ਬਿਆਨ ਕਰਦਿਆਂ ਕਿਹਾ ਕਿ ਉਹ ਛੋਟੇ ਹੁੰਦਿਆਂ ਕੰਮ ਦੀ ਤਲਾਸ਼ ਵਿਚ ਚੰਡੀਗੜ੍ਹ ਚਲੇ ਗਏ ਸਨ। ਉਨ੍ਹਾਂ ਦੀ ਮਾਤਾ ਵੀ ਉਨ੍ਹਾਂ ਦੇ ਨਾਲ ਚਲੇ ਗਏ ਸਨ। ਕੰਮ ਕਰਦਿਆਂ ਉੱਥੇ ਰੁਝੇਵਿਆਂ ਵਿਚ ਰੁਝ ਗਏ ਕਿ ਵਾਪਸ ਜੱਦੀ ਪਿੰਡ ਚੁਤਾਲਾ ਵਿਚ ਕਦੀ ਨਾ ਪਰਤੇ, ਨਾ ਹੀ ਉਨ੍ਹਾਂ ਨੂੰ ਪਿੰਡ ਚੁਤਾਲਾ ਬਾਰੇ ਕੋਈ ਪਤਾ ਨਾ ਰਿਹਾ, ਕਿਉਂਕਿ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਸੀ। ਇਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਛੋਟੇ ਹੁੰਦਿਆਂ ਬਹੁਤ ਪਹਿਲਾਂ ਹੋ ਗਈ ਸੀ । ਉਨ੍ਹਾਂ ਦੇ ਦੋਵੇਂ ਭਰਾ ਵੀ ਆਪਣੇ ਭਰਾ ਵਿਜੈ ਦੀ ਭਾਲ ਕਰਦੇ ਰਹੇ ਹਨ, ਪਰ ਕੋਈ ਪਤਾ ਨਹੀਂ ਲੱਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਪਿੱਛੇ ਪਰਿਵਾਰ ਬਾਰੇ ਭਰਾਵਾਂ ਬਾਰੇ ਤੇ ਪਿੰਡ ਚੁਤਾਲਾ ਬਾਰੇ ਕੋਈ ਥਹੁ ਪਤਾ ਨਹੀਂ ਰਿਹਾ ਸੀ। ਹੁਣ ਜਦੋਂ ਐਸ.ਆਈ.ਆਰ. ਦਾ ਕੰਮ ਚੱਲ ਰਿਹਾ ਹੈ ਤਾਂ ਵੋਟਾਂ ਸੰਬੰਧੀ ਜਦੋਂ ਉਨ੍ਹਾਂ ਨੇ ਆਪਣੇ ਬੀ.ਐਲ.ਓ. ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਉੱਥੇ ਉਨ੍ਹਾਂ ਦਾ ਪੁਰਾਣਾ ਡਾਟਾ ਨਾ ਮਿਲਿਆ ਤਾਂ ਉਨ੍ਹਾਂ ਨੂੰ ਬੀ.ਐਲ.ਓ. ਨੇ 2003 ਦਾ ਡਾਟਾ ਆਪਣੇ ਜੱਦੀ ਪਿੰਡ ਤੋਂ ਲਿਆਉਣ ਲਈ ਕਿਹਾ ਤਾਂ ਫਿਰ ਉਹ ਹੁਣ ਜੱਦੀ ਪਿੰਡ ਚੁਤਾਲਾ ਵਿਚ ਪਹੁੰਚੇ। ਇੱਥੇ ਉਨ੍ਹਾਂ ਦੇ ਵੱਡੇ ਭਰਾ ਉਮਰ 76 ਸਾਲ ਅਤੇ ਛੋਟੇ ਭਰਾ ਰਜਿੰਦਰ 72 ਸਾਲ ਵਾਸੀ ਚੁਤਾਲਾ ਜਦੋਂ ਉਨ੍ਹਾਂ ਨੂੰ 48 ਸਾਲ ਬਾਅਦ ਮਿਲੇ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਭਰਾ ਆਪਸ ਵਿਚ ਮਿਲਦਿਆਂ ਗਲਵੱਕੜੀ ਪਾਉਂਦਿਆਂ ਏਨੇ ਭਾਵਕ ਹੋ ਗਏ ਕਿ ਕੁਝ ਸਮਾਂ ਉਹ ਬੋਲ ਹੀ ਨਾ ਸਕੇ। ਭਾਵੁਕ ਹੋਣਾ ਸੁਭਾਵਿਕ ਸੀ, ਕਿਉਂਕਿ 48 ਸਾਲ ਬੀਤ ਚੁੱਕੇ ਸਨ ਉਨ੍ਹਾਂ ਨੂੰ ਵਿਛੜਿਆਂ ਨੂੰ। ਇਸ ਮਿਲਣੀ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਆ ਗਈ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਵਿਖੇ ਬਲਾਕ ਸੰਮਤੀ ਮੈਂਬਰ ਮੇਹਰ ਸਿੰਘ, ਸਾਬਕਾ ਅਧਿਆਪਕ ਮੇਹਰ ਸਿੰਘ, ਹਰਜਿੰਦਰ ਸਿੰਘ ਪੰਚਾਇਤ ਮੈਂਬਰ, ਗੁਰਦੇਵ ਸਿੰਘ ਮੈਂਬਰ, ਬੀ.ਐਲ.ਓ. ਦਵਿੰਦਰ ਸਿੰਘ ਖਹਿਰਾ ਅਤੇ ਬੀ.ਐਲ.ਓ. ਰਾਜੀਵ ਕੁਮਾਰ ਮੰਨਣ ਵਲੋਂ ਤੇ ਪਿੰਡ ਦੇ ਪਤਵੰਤਿਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਚੁਤਾਲਾ ਵਿਚ ਭਰਾਵਾਂ ਦੇ ਮਿਲਣ ਦੀ ਖਬਰ ਜਦੋਂ ਪਹੁੰਚੀ ਤਾਂ ਸਾਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ। ਇਸ ਮੌਕੇ ਸਕੂਲ ਇੰਚਾਰਜ ਮੈਡਮ ਸਰਬਜੀਤ ਕੌਰ ਅਤੇ ਸੁਖਰਾਜ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਸੀ. ਉਮੀਦਵਾਰਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 3 ਅਗਸਤ ਤੋਂ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਕੀਤੀ ਭਰਵੀਂ ਮੀਟਿੰਗ
Ad Position 24
No active advertisement