ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਜਾਅਲੀ ਅਸਲ੍ਹਾ ਲਾਇਸੰਸ ਬਣਾ ਕੇ ਦੇਣ ਦੇ ਮਾਮਲੇ ਵਿਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੱਟੀ ਵਿਖੇ ਤਰਸੇਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੁੱਲਾ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ 12 ਸਾਲ ਪਹਿਲਾਂ ਉਸ ਦੀ ਬਾਬਾ ਦੀਪ ਸਿੰਘ ਕਲਾਥ ਹਾਊਸ ਨਾਂਅ ਦੀ ਦੁਕਾਨ ਪਿੰਡ ਕੁੱਲਾ ਵਿਖੇ ਆਪਣੇ ਘਰ ਦੇ ਨਾਲ ਹੀ ਖੋਲ੍ਹੀ ਸੀ। ਕੰਮਕਾਜ ਚੱਲਦਾ ਵੇਖ ਕੇ ਕੁਝ ਸ਼ਰਾਰਤੀ ਅਨਸਰਾਂ ਨੇ ਮੇਰੀ ਦੁਕਾਨ ’ਤੇ ਆ ਕੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਉਸ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਹਿਫਾਜਤ ਵਾਸਤੇ ਅਸਲੇ ਦੀ ਜ਼ਰੂਰਤ ਸਮਝੀ ਸੀ। ਇਸੇ ਦੌਰਾਨ ਉਸ ਨੂੰ ਕਰਨ ਸਿੰਘ ਵਾਸੀ ਪੰਡੋਰੀ ਗੋਲਾ ਤਰਨ ਤਾਰਨ ਨਾਂਅ ਦਾ ਇਕ ਵਿਅਕਤੀ ਮਿਲਿਆ। ਜਿਸ ਨੇ ਉਸ ਨੂੰ ਝਾਂਸੇ ਵਿਚ ਲੈ ਲਿਆ ਅਤੇ ਕਿਹਾ ਕਿ ਮੈਂ ਤੇਰਾ ਅਸਲ੍ਹਾ ਲਾਇਸੰਸ ਬਨਵਾ ਕੇ ਦਿੱਤਾ ਹੈ, ਮੇਰੀ ਸਰਕਾਰੀ ਦਫਤਰਾਂ ਵਿਚ ਕਾਫੀ ਜਾਣ ਪਹਿਚਾਣ ਹੈ। ਕਰਨ ਸਿੰਘ ਵਾਸੀ ਪੰਡੋਰੀ ਗੋਲਾ ਨੇ ਮੇਰੇ ਪਾਸੋਂ ਅਸਲ੍ਹਾ ਲਾਇਸੰਸ ਬਣਾਉਣ ਦੇ ਬਦਲੇ ਢਾਈ ਲੱਖ ਰੁਪਏ ਦੀ ਮੰਗ ਕੀਤੀ ਸੀ। ਕਰਨ ਸਿੰਘ ਨਾਲ ਅਸਲ੍ਹਾ ਲਾਇਸੰਸ ਬਣਾਉਣ ਤੇ ਸਮੇਤ ਰਿਵਾਲਵਰ ਵੀ ਖ੍ਰੀਦ ਕਰਕੇ ਦੇਣ ਸੰਬੰਧੀ 1 ਲੱਖ 90 ਹਜ਼ਾਰ ਰੁਪਏ ਵਿਚ ਗੱਲਬਾਤ ਤਹਿ ਹੋ ਗਈ ਸੀ। ਸਾਰਿਆਂ ਤੋਂ ਪਹਿਲਾਂ ਉਸ ਨੇ ਕਰਨ ਸਿੰਘ ਨੇ 5 ਅਗਸਤ 2021 ਨੂੰ 50000 ਰੁਪਏ ਪੱਟੀ ਵਿਖੇ ਆ ਕੇ ਦਿੱਤੇ ਸਨ ਤੇ ਬਾਕੀ 50000 ਰੁਪਏ ਕੁੱਝ ਦਿਨ ਰੁਕ ਕੇ ਕਰਨ ਸਿੰਘ ਨੂੰ ਤਰਨ ਤਾਰਨ ਜਾ ਕੇ ਦਿੱਤੇ ਸਨ। ਬਾਕੀ 90000 ਰੁਪਏ ਕਰਨ ਸਿੰਘ ਨੂੰ ਲਾਇਸੰਸ ਬਣਾ ਕੇ ਦੇਣ ਅਤੇ ਰਿਵਾਲਵਰ ਖ੍ਰੀਦ ਕੇ ਦੇਣ ਤੋਂ ਬਾਅਦ ਦਿੱਤੇ ਸਨ। ਕਰਨ ਸਿੰਘ ਨੇ ਮੈਨੂੰ 1 ਲੱਖ 90 ਹਜ਼ਾਰ ਰੁਪਏ ਵਿਚ ਹੀ ਅਸਲ੍ਹਾ ਲਾਇਸੰਸ ਖਰੀਦ ਕੇ ਦਿੱਤਾ। ਪੈਸੇ ਲੈਣ ਤੋਂ ਬਾਅਦ ਕਰਨ ਸਿੰਘ ਨੇ ਮੈਨੂੰ ਇਕ ਅਸਲ੍ਹਾ ਲਾਇਸੰਸ ਬਣਾ ਕੇ ਦਿੱਤਾ, ਜਿਸ ਦੀ ਮਿਆਦ 9 ਨਵੰਬਰ 2021 ਤੋਂ ਮਿਤੀ 8 ਨਵੰਬਰ 2026 ਤੱਕ ਸੀ। ਅਸਲਾ ਲਾਇਸੰਸ ’ਤੇ ਇਕ ਰਿਵਾਲਵਰ 32 ਬੋਰ ਨੰਬਰ ਦਰਜ ਸੀ, ਉਸ ਸਮੇਂ ਉਸ ਨੇ ਇਹ ਅਸਲ੍ਹਾ ਲਾਇਸੰਸ ਆਨ-ਲਾਈਨ ਚੈੱਕ ਨਹੀਂ ਕੀਤਾ। ਹੁਣ ਕੁਝ ਸਮੇਂ ਤੱਕ ਇਸ ਲਾਇਸੰਸ ਦੀ ਮਿਆਦ ਖਤਮ ਹੋ ਰਹੀ ਸੀ, ਜਿਸ ਕਰਕੇ ਮੈਂ ਇਸ ਅਸਲ੍ਹਾ ਲਾਇਸੰਸ ਨੂੰ ਰੀਨੀਊ ਕਰਾਉਣਾ ਚਾਹੁੰਦਾ ਸੀ, ਜੋ ਇਹ ਲਾਇਸੰਸ ਤਸਦੀਕ ਕਰਨ ’ਤੇ ਜਾਅਲੀ ਪਾਇਆ ਗਿਆ ਤੇ ਅਸਲ੍ਹਾ ਲਾਇਸੰਸ ਪਰ ਜੋ ਕਿਊ-ਆਰ-ਕੋਡ ਹੈ ਉਹ ਵੀ ਸਕੈਨ ਨਹੀ ਹੋ ਰਿਹਾ। ਜਾਂਚ ਅਧਿਕਾਰੀ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।