ਐਕਸਾਈਜ਼ ਵਿਭਾਗ ਨੇ ਸ਼ਹਿਰ ਤੋਂ ਲੈ ਕੇ ਪਿੰਡਾਂ ਪਿੰਡਾਂ ਤੱਕ ਦਿੱਤੀ ਦਸਤਕ
ਅਜੀਤ ਡੈਸਕ
22-07-2026
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)–ਡੋਮੀਨੈਂਸ ਆਪਰੇਸ਼ਨ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਸ਼ਹਿਰ ਅਤੇ ਸਰਹੱਦੀ ਪਿੰਡਾਂ ਵਿਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿਚ ਸ਼ਰਾਬ, ਡਰੰਮ ਅਤੇ ਹੋਰ ਵਸਤੂਆਂ ਬਰਾਮਦ ਹੋਈਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਕਸਾਈਜ ਵਿਭਾਗ ਦੇ ਇੰਸਪੈਕਟਰ ਕਰਨ ਸ਼ਰਮਾ ਅਤੇ ਹਿਤੇਸ਼ ਪ੍ਰਭਾਕਰ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਵਿਭਾਗ ਵਲੋਂ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ। ਜਿਸ ਤਹਿਤ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਅਤੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਸੋਮਵਾਰ ਤੜਕੇ ਪਿੰਡ ਸਖੀਰਾ, ਤਰਨ ਤਾਰਨ ਸਿਟੀ, ਪੱਟੀ ਸਿਟੀ ਅਤੇ ਵਲਟੋਹਾ ਵਿੱਚ ਛਾਪੇਮਾਰੀ ਕੀਤੀ ਗਈ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਬਹਾਦਰ ਨਗਰ ਵਿਖੇ ਇਕ ਘਰ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾਂਦਾ ਹੈ। ਜਿਸ ਤਹਿਤ ਪਿੰਡ ਵਿਚ ਛਾਪੇਮਾਰੀ ਕਰਕੇ ਇਕ ਘਰ ਵਿੱਚੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 800 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਲੋਹੇ ਦੇ ਡਰੰਮ, ਛਕਾਲਾ, ਪਲਾਸਟਿਕ ਦੇ ਡਰੰਮ ਤੋਂ ਇਲਾਵਾ ਹੋਰ ਸਮਾਨ ਵੀ ਬਰਾਮਦ ਹੋਇਆ। ਇਸ ਸਬੰਧੀ ਥਾਣਾ ਵਲਟੋਹਾ ਡਿਊਟੀ ਅਫਸਰ ਏ.ਐੱਸ.ਆਈ. ਗੁਰਦੀਪ ਸਿੰਘ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਜਿਨਾਂ ਨੇ ਪੁੱਤ ਸਮਾਨ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐਕਸਾਈਜ ਇੰਸਪੈਕਟਰ ਰਾਮ ਮੂਰਤੀ, ਠੇਕੇਦਾਰ ਹਰਹਰਭਿੰਦਰ ਸਿੰਘ ਭਿੰਦਾ, ਏ.ਐਸ.ਆਈ ਭਗਵੰਤ ਸਿੰਘ ਤੋਂ ਇਲਾਵਾ ਕਈ ਹੋਰ ਮੁਲਾਜ਼ਮ ਮੌਜੂਦ ਸਨ।