aਤਰਨ ਤਾਰਨ, 23 ਜੁਲਾਈ (ਪਰਮਜੀਤ ਜੋਸ਼ੀ)—ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਵਲੋਂ ‘ਨੀਟ’ ਪੇਪਰ ਲੀਕ ਮਾਮਲੇ ਵਿਚ ਦਿੱਲੀ ਵਿਖੇ ਧਰਨਾ ਦੇ ਰਹੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਅਤੇ ਵਿਦਿਆਰਥੀਆਂ ਦੇ ਸਮੱਰਥਨ ਵਿਚ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਵਿਚ ਕਾਂਗਰਸ ਭਵਨ ਵਿਖੇ ਮੀਟਿੰਗ ਤੋਂ ਬਾਅਦ ਰੋਸ ਮਾਰਚ ਕਰਕੇ ਚੌਂਕ ਚਾਰ ਖੰਭਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਧਰਨੇ ਵਿਚ ਹਲਕਾ ਤਰਨ ਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ, ਹਲਕਾ ਪੱਟੀ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ, ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਹਲਕਾ ਇੰਚਾਰਜ ਰਮਨਜੀਤ ਸਿੰਘ ਸਿੱਕੀ ਅਤੇ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸੁਖਪਾਲ ਸਿੰਘ ਭੁੱਲਰ ਨਹੀਂ ਪਹੁੰਚੇ ਅਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖੀ। ਮੰਨਿਆ ਜਾ ਰਿਹਾ ਹੈ ਕਿ ਇਹ ਚਾਰੇ ਹਲਕਾ ਇੰਚਾਰਜ ਪਿਛਲੇ ਸਮੇਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਾਂਗਰਸ ਦੇ ਉਚ ਕੋਟੀ ਦੇ ਲੀਡਰਾਂ ਤੋਂ ਇਲਾਵਾ ਆਪਣੇ ਸਮੱਰਥਕਾਂ ਨਾਲ ਕੀਤੀ ਮੀਟਿੰਗ ਵਿਚ ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿਚ ਕਾਂਗਰਸੀ ਆਗੂਆਂ ਵਲੋਂ ਪਾਰਟੀ ਹਾਈਕਮਾਨ ਕੋਲੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੁਬਾਰਾ ਪ੍ਰਧਾਨ ਬਣਾਏ ਜਾਣ ਦਾ ਕੀਤਾ ਵਿਰੋਧ ਸਾਹਮਣੇ ਆਇਆ ਸੀ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਨਾਲ ਸੰਬੰਧਿਤ ਹਨ। ਪਹਿਲਾਂ ਤੋਂ ਹੀ ਸੂਬਾ ਪੱਧਰ ’ਤੇ ਧੜਿਆਂ ਵਿਚ ਵੰਡੀ ਕਾਂਗਰਸ ਪਾਰਟੀ ਦਾ ਅਸਰ ਹੁਣ ਜ਼ਿਲਿ੍ਹਆਂ ਵਿਚ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਸੂਬੇ ਭਰ ਵਿਚ ਵਿਦਿਆਰਥੀਆਂ ਉਪਰ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ੍ਹਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਸਾਬਕਾ ਵਿਧਾਇਕਾਂ ਅਤੇ ਇਕ ਹਲਕਾ ਇੰਚਾਰਜ ਵਲੋਂ ਇਸ ਪ੍ਰੋਗਰਾਮ ਵਿਚ ਬਣਾਈ ਗਈ ਦੂਰੀ ਕਈ ਤਰ੍ਹਾਂ ਦੇ ਇਸ਼ਾਰੇ ਕਰਦੀ ਹੈ ਕਿ ਹੇਠਲੇ ਪੱਧਰ ’ਤੇ ਵੀ ਕਾਂਗਰਸ ਪਾਰਟੀ ਵਿਚ ਸਭ ਕੁਝ ਠੀਕ ਨਹੀਂ ਹੈ। ਇਸ ਸੰਬੰਧ ਵਿਚ ਜਦ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਦਿੱਲੀ ਗਏ ਹੋਏ ਹਨ, ਜਿਸ ਕਾਰਨ ਉਹ ਧਰਨੇ ਵਿਚ ਨਹੀਂ ਪਹੁੰਚੇ।