ਪੱਟੀ/ਭਿੱਖੀਵਿੰਡ, 24 ਜੁਲਾਈ (ਅਵਤਾਰ ਸਿੰਘ ਖਹਿਰਾ, ਬੌਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦਿਆਲਪੁਰਾ ਵਿਖੇ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਲਈ ਸੁਖਦਾਇਕ ਮਾਹੌਲ ਪ੍ਰਦਾਨ ਕਰਨ ਦੇ ਮੰਤਵ ਨਾਲ ਮਹੱਤਵਪੂਰਨ ਉਪਰਾਲਾ ਕਰਦਿਆਂ ਹੋਇਆ ਸ਼ੋ੍ਮਣੀ ਕਮੇਟੀ ਮੈਂਬਰ ਜਥੇ. ਖੁਸ਼ਵਿੰਦਰ ਸਿੰਘ ਭਾਟੀਆ ਵਲੋਂ 20 ਪੱਖੇ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਭੇਟਾ ਰਹਿਤ ਪ੍ਰਾਪਤ ਕਰਕੇ ਸਕੂਲ ਨੂੰ ਸਮਰਪਿਤ ਕੀਤੇ ਗਏ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਗੁਰਰੀਤ ਕੌਰ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਪੱਖਿਆਂ ਦੀ ਇਹ ਸਹੂਲਤ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ, ਜਿਸ ਨਾਲ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਦੋਹਾਂ ਉੱਤੇ ਚੰਗਾ ਅਸਰ ਪਵੇਗਾ। ਇਸ ਮੌਕੇ ਸ਼ੋ੍ਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ, ਪ੍ਰਿੰਸੀਪਲ ਸੁੱਖਾ ਸਿੰਘ, ਰਜਿੰਦਰ ਸਿੰਘ ਕੇ. ਪੀ. ਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।