ਤਰਨ ਤਾਰਨ, 24 ਜੁਲਾਈ (ਹਰਿੰਦਰ ਸਿੰਘ)- ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਪੀ.ਐੱਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਮੁਲਾਜ਼ਮ ਯੂਨਾਇਟਿਡ ਆਰਗੇਨਾਈਜ਼ੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਪੈਨਸ਼ਨ ਵੈਲਫੇਅਰ ਫੈਡਰੇਸ਼ਨ ਦੇ ਸੱਦੇ ’ਤੇ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਸਮੁੱਚੇ ਪੰਜਾਬ ਦਾ ਕੰਮਕਾਰ ਠੱਪ ਕਰਕੇ ਤਰਨ ਤਾਰਨ ਸਰਕਲ ਦਫਤਰ ਅੱਗੇ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਸਾਂਝੇ ਧੜੇ ਦੇ ਆਗੂਆਂ ਗੁਰਭੇਜ ਸਿੰਘ ਢਿੱਲੋਂ, ਲਖਵੰਤ ਸਿੰਘ, ਮੰਗਲ ਸਿੰਘ ਨਾਗੋਕੇ, ਕੁਲਵਿੰਦਰ ਸਿੰਘ ਬਾਗੜੀਆਂ, ਐਸ.ਡੀ.ਓ. ਕਰਮਜੀਤ ਸਿੰਘ, ਜੇ.ਈ. ਧਰਮਬੀਰ ਸਿੰਘ, ਕਰਮਬੀਰ ਸਿੰਘ ਭੁੱਲਰ, ਮਨਜਿੰਦਰ ਸਿੰਘ ਦਿਆਲਪੁਰਾ, ਸ਼ਮਸ਼ੇਰ ਸਿੰਘ ਪੱਟੀ, ਸਿਮਰਨ ਸਿੰਘ, ਸਕੱਤਰ ਸਿੰਘ ਮਾਣੋਚਾਲ੍ਹ, ਗੁਰਭੇਜ ਸਿੰਘ ਨਾਮਧਾਰੀ, ਬਿਕਰਮ ਸਿੰਘ, ਲਖਬੀਰ ਸਿੰਘ ਸੰਧੂ, ਜਸਬੀਰ ਸਿੰਘ ਸੇਰੋਂ, ਲਖਬੀਰ ਸਿੰਘ ਰੈਸ਼ੀਆਣਾ, ਪੂਰਨ ਦਾਸ, ਲਖਵਿੰਦਰ ਸਿੰਘ ਬਹਿਲਾ, ਬੁੱਧ ਸਿੰਘ, ਸਤਪਾਲ ਸਿੰਘ ਜੇ.ਈ., ਗੁਰਪਿੰਦਰ ਸਿੰਘ ਰਿੰਕੂ, ਮੰਗਲ ਸਿੰਘ ਪੱਟੀ, ਮੇਜ਼ਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਵਲਟੋਹਾ ਕੁੱਲ ਹਿੰਦ ਕਿਸਾਨ ਯੂਨੀਅਨ, ਕਾ. ਦਵਿੰਦਰ ਸਿੰਘ ਸੋਹਲ, ਗੁਰਨਾਮ ਸਿੰਘ ਚਾਹਲ, ਸਾਹਿਬ ਸਿੰਘ, ਬਲਜਿੰਦਰ ਸਿੰਘ ਪਲਾਸੌਰ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜ਼ਮੈਂਟ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਅਹਿਮ ਮੰਗਾਂ ਨੂੰ ਅੱਖੋਂ ਪਰੋਖੇ ਕਰਦੀ ਆ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬਿਜਲੀ ਨਿਗਮ ਅੰਦਰ ਹਜ਼ਾਰਾਂ ਆਸਾਮੀਆਂ ਖ਼ਾਲੀ ਹਨ, ਭਾਰੀ ਕੰਮ ਦੇ ਬੋਝ ਹੇਠ ਦੱਬੇ ਕਾਮੇ ਹਰ ਰੋਜ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਫਿਰ ਵੀ ਇਨ੍ਹਾਂ ਕਾਮਿਆਂ ਨੂੰ ਅਪਣੀਆਂ ਹੱਕੀਂ ਮੰਗਾਂ, ਜਿੰਨਾਂ ਵਿਚ 17-07-20 ਦਾ ਪੱਤਰ ਰੱਦ ਕਰਕੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਅਨੁਸਾਰ ਬਿਜਲੀ ਕਾਮਿਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕੀਤੇ ਜਾਣ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀ ਹੋਣ ਵਾਲੇ ਕਰਮਚਾਰੀਆਂ ਨੂੰ ਪੇ ਬੈਂਡ ਲਾਗੂ ਕਰਨਾ, 18 ਫ਼ੀਸਦੀ ਡੀ.ਏ. ਦੀ ਕਿਸ਼ਤ ਅਤੇ ਇਸਦਾ ਬਕਾਇਆ, ਪੁਰਾਣੀ ਪੈਨਸ਼ਨ ਦੀ ਬਹਾਲੀ, ਸੋਲੇਸ਼ੀਅਮ ਪਾਲਿਸੀ ਅਧੀਨ ਭਰਤੀ ਕੀਤੇ ਕਰਮਚਾਰੀਆਂ ਤੋਂ 12 ਫ਼ੀਸਦੀ ਵਿਆਜ਼ ਦੀ ਸ਼ਰਤ ਹਟਾਉਣ, ਸਪੈਸ਼ਲ ਪੈਨਸ਼ਨ ਦਾ ਹੱਕ ਬਹਾਲ ਕਰਨ ਕਰਵਾਉਣ, ਵਿੱਤ ਸਰਕੂਲਰ 10/16 ਦੀ ਬਹਾਲੀ, ਵਿੱਤ ਸਰਕੂਲਰ 3/24 ਨਾਲ ਭੰਗ ਹੋਈ ਪੇ ਪੈਰਿਟੀ ਬਹਾਲ ਕਰਾਉਣ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਬਕਾਇਆ, ਸੀ.ਆਰ.ਏ. ਦੇ ਕੰਨਟ੍ਰੈਕਟ ਸਮੇਂ ਨੂੰ ਰੈਗੂਲਰ ਸੇਵਾ ਵਿਚ ਜੋੜਨ, ਨਵੀਂ ਰੈਗੂਲਰ ਭਰਤੀ ਰਾਹੀਂ ਖ਼ਾਲੀ ਆਸਾਮੀਆਂ ਨੂੰ ਭਰਨ, ਨਵੀਆਂ ਆਸਾਮੀਆਂ ਦੀ ਰਚਨਾ, ਕੰਟੀਜੈਂਟ ਕਾਮਿਆਂ ਨੂੰ ਪੂਰੀ ਤਨਖਾਹ ਅਤੇ ਪਿਛਲੀ ਸੇਵਾ ਦਾ ਸੇਵਾ ਲਾਭ ਦੇਣਾ, ਵੱਖ-ਵੱਖ ਸਰੋਤਾਂ ਰਾਹੀਂ ਮਹਿਕਮੇ ਅੰਦਰ ਭਰਤੀ ਕੀਤੇ ਆਊਟਸੋਰਸਿੰਗ ਕਾਮਿਆਂ ਨੂੰ ਮਹਿਕਮੇਂ ਅੰਦਰ ਸਿੱਧੇ ਤੌਰ ’ਤੇ ਸਮਾ ਕੇ ਰੈਗੂਲਰ ਕਰਨ ਦੀ ਪਾਲਿਸੀ ਬਣਾਉਣ ਅਤੇ ਉਜ਼ਰਤਾਂ ਵਿਚ ਵਾਧੇ, ਗੋਇੰਦਵਾਲ ਥਰਮਲ ਪਲਾਂਟ ਵਿਚ ਰੈਗੂਲਰ ਮੁਲਾਜ਼ਮਾਂ ਦੀ ਨਿਯੁਕਤੀ, 200 ਰੁਪਏ ਵਿਕਾਸ ਟੈਕਸ ਦੀ ਕਟੌਤੀ, ਪੈਨਸ਼ਨਰਜ਼ ਦੀ 2.45 ਫੈਕਟਰ ਦੀ ਥਾਂ 2.59 ਫੈਕਟਰ ਨਾਲ ਪੈਨਸ਼ਨ ਸੋਧਣੀ ਅਤੇ ਪੈਨਸ਼ਨਰਜ਼ ਨੂੰ ਬਿਨਾਂ ਸ਼ਰਤ 23 ਸਾਲਾ ਦਾ ਲਾਭ ਦੇਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਪੈਡੀ ਸੀਜ਼ਨ ਦੌਰਾਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੀ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨਾਲ ਕਈ ਵਾਰ ਮੀਟਿੰਗ ਹੋਈ ਹੈ, ਪ੍ਰੰਤੂ ਮੰਗਾਂ ਮਸਲੇ ਹੱਲ ਕਰਨ ਦੀ ਬਜਾਇ ਮੈਨੇਜ਼ਮੈਂਟ ਅਤੇ ਸਰਕਾਰ ਵਲੋਂ ਨਵੇਂ ਮਸਲੇ ਪੈਦਾ ਕੀਤੇ ਜਾ ਰਹੇ ਹਨ, ਜਿਸਦੇ ਵਿਰੋਧ ਵਿਚ ਪੰਜਾਬ ਦੇ ਰੈਗੂਲਰ ਬਿਜਲੀ ਕਾਮੇ ਚਾਰ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਅਪਣਾ ਰੋਸ ਪ੍ਰਗਟ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਅੰਦਰ ਲਗਪਗ 81 ਫ਼ੀਸਦੀ ਤੋਂ ਉੱਪਰ ਕਾਮੇ ਸਮੂਹਿਕ ਛੁੱਟੀ ਤੇ ਹਨ ਅਤੇ ਮਿਤੀ 26 ਜੁਲਾਈ ਨੂੰ ਵੀ ਕਮਾਈ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜ਼ਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੰਗਾਂ/ਮਸਲਿਆਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜ਼ਮੈਂਟ ਦੀ ਹੋਵੇਗੀ।