05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਹਿਲਵਾਨੀ ਦੇ ਅਖਾੜੇ ਤੋਂ ਸਿਆਸਤ ਦੇ ਰਣ ’ਚ ਉੱਤਰੇ ਜਸਕਵਰ ਸਿੰਘ ਜੱਸਾ ਪੱਟੀ

Ad Position 21
No active advertisement
ਅਜੀਤ ਡੈਸਕ 30-07-2026
ਪੱਟੀ, 29 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਵਿਧਾਨ ਸਭਾ ਹਲਕਾ ਪੱਟੀ ਦੀ ਸਿਆਸਤ ਇਕ ਵਾਰ ਫਿਰ ਨਵੇਂ ਮੋੜ ’ਤੇ ਆ ਖੜ੍ਹੀ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਇਕ ਅਜਿਹਾ ਫੈਸਲਾ ਲਿਆ ਹੈ, ਜਿਸ ਨੇ ਨਾ ਸਿਰਫ਼ ਵਿਰੋਧੀ ਧਿਰਾਂ, ਸਗੋਂ ਪਾਰਟੀ ਦੇ ਅੰਦਰ ਵੀ ਚਰਚਾਵਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਅਤੇ ਮੌਜੂਦਾ ਚੇਅਰਮੈਨ ਰਣਜੀਤ ਸਿੰਘ ਚੀਮਾ ਨੂੰ ਨਜ਼ਰਅੰਦਾਜ਼ ਕਰਦਿਆਂ ਪਹਿਲਵਾਨੀ ਦੀ ਦੁਨੀਆਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਜਸਕਵਰ ਸਿੰਘ ਜੱਸਾ ਪੱਟੀ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਐਲਾਨ ਨਾਲ ਪੱਟੀ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣਨ ਦੀਆਂ ਸੰਭਾਵਨਾਵਾਂ ਹੋਰ ਤੇਜ਼ ਹੋ ਗਈਆਂ ਹਨ। ਜਸਕਵਰ ਸਿੰਘ ਜੱਸਾ ਪੱਟੀ ਦਾ ਜਿਸ ਦਾ ਜੱਦੀ ਪਿੰਡ ਚੂਸਲੇਵੜ ਹੈ। ਉਨ੍ਹਾਂ ਦਾ ਪਰਿਵਾਰ ਪਹਿਲਵਾਨੀ ਦੀ ਦੁਨੀਆਂ ਵਿਚ ਇਕ ਮਾਣਯੋਗ ਸਥਾਨ ਰੱਖਦਾ ਹੈ। ਉਨ੍ਹਾਂ ਦੇ ਪਿਤਾ ਸੁਰਿੰਦਰ ਸਿੰਘ ਛਿੰਦਾ ਰੁਸਤਮ-ਏ-ਹਿੰਦ ਰਹੇ ਹਨ, ਜਦਕਿ ਜਸਕਵਰ ਸਿੰਘ ਨੇ ਵੀ ਕੁਸ਼ਤੀ ਦੇ ਮੈਦਾਨ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਉਨ੍ਹਾਂ ਦੇ ਖੇਡ ਜੀਵਨ ਨੂੰ ਸਨਮਾਨ ਮਿਲਿਆ ਹੈ, ਪਰ ਹੁਣ ਉਹ ਅਜਿਹੇ ਅਖਾੜੇ ਵਿਚ ਉਤਰੇ ਹਨ, ਜਿੱਥੇ ਦਾਅ-ਪੇਚ ਸਿਰਫ਼ ਤਾਕਤ ਦੇ ਨਹੀਂ, ਸਗੋਂ ਸਬਰ, ਤਜਰਬੇ, ਜਨ ਸੰਪਰਕ ਅਤੇ ਰਾਜਨੀਤਿਕ ਸੂਝ-ਬੂਝ ਦੇ ਹੁੰਦੇ ਹਨ। ਪੱਟੀ ਹਲਕੇ ਦੀ ਸਿਆਸਤ ਵਿਚ ਸਾਲਾਂ ਤੋਂ ਮਜ਼ਬੂਤ ਪਕੜ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅੱਜ ਵੀ ਇਕ ਵੱਡਾ ਸਿਆਸੀ ਨਾਮ ਹਨ। ਉਨ੍ਹਾਂ ਨੂੰ ਆਪਣੇ ਦਾਦਾ, ਮਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਪਿਤਾ ਸੁਰਿੰਦਰ ਸਿੰਘ ਕੈਰੋਂ ਤੋਂ ਮਿਲੀ ਸਿਆਸੀ ਵਿਰਾਸਤ ਨੇ ਹਲਕੇ ਵਿਚ ਡੂੰਘੀਆਂ ਜੜ੍ਹਾਂ ਦਿੱਤੀਆਂ ਹਨ। 1997 ਤੋਂ ਲਗਾਤਾਰ ਉਹ ਬੂਥ ਪੱਧਰ ਤੋਂ ਲੈ ਕੇ ਉੱਚ ਸਿਆਸੀ ਪੱਧਰ ਤੱਕ ਆਪਣੀ ਮਜ਼ਬੂਤ ਪਕੜ ਬਣਾਈ ਬੈਠੇ ਹਨ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੀ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਕਾਂ ਵਿਚਕਾਰ ਸਰਗਰਮ ਹਨ। ਕਈ ਚੋਣੀ ਹਾਰਾਂ ਤੋਂ ਬਾਅਦ ਵੀ ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਆਪਣਾ ਸੰਪਰਕ ਕਦੇ ਨਹੀਂ ਟੁੱਟਣ ਦਿੱਤਾ ਅਤੇ 2017 ਵਿਚ ਵਿਧਾਇਕ ਬਣ ਕੇ ਆਪਣੀ ਸਿਆਸੀ ਮਜ਼ਬੂਤੀ ਦਾ ਸਬੂਤ ਦਿੱਤਾ। ਅੱਜ ਵੀ ਉਨ੍ਹਾਂ ਦੀ ਪਹੁੰਚ ਪਿੰਡ-ਪਿੰਡ, ਬੂਥ-ਬੂਥ ਅਤੇ ਘਰ-ਘਰ ਤੱਕ ਮੰਨੀ ਜਾਂਦੀ ਹੈ। ਅਜਿਹੇ ਹਾਲਾਤਾਂ ਵਿਚ ਜਸਕਵਰ ਸਿੰਘ ਜੱਸਾ ਪੱਟੀ ਲਈ ਸਭ ਤੋਂ ਵੱਡੀ ਚੁਣੌਤੀ ਆਪਣੇ ਆਪ ਨੂੰ ਸਿਰਫ਼ ਪਾਰਟੀ ਦਾ ਨਿਯੁਕਤ ਆਗੂ ਨਹੀਂ, ਸਗੋਂ ਲੋਕਾਂ ਦਾ ਆਗੂ ਸਾਬਤ ਕਰਨਾ ਹੋਵੇਗੀ। ਰਾਜਨੀਤਿਕ ਤਜਰਬੇ ਦੀ ਘਾਟ ਨੂੰ ਜ਼ਮੀਨੀ ਸਰਗਰਮੀ ਨਾਲ ਪੂਰਾ ਕਰਨਾ ਉਨ੍ਹਾਂ ਲਈ ਲਾਜ਼ਮੀ ਹੋਵੇਗਾ। ਇਸ ਤੋਂ ਵੀ ਵੱਡੀ ਚੁਣੌਤੀ ਪਾਰਟੀ ਦੇ ਅੰਦਰੋਂ ਉੱਠ ਸਕਦੇ ਵਿਰੋਧ ਨੂੰ ਸੰਭਾਲਣਾ ਹੋਵੇਗੀ । ਇਸ ਦੇ ਨਾਲ ਹੀ ਲੋਕਾਂ ਦੀਆਂ ਉਮੀਦਾਂ ਦਾ ਪਹਾੜ ਵੀ ਜੱਸੇ ਪੱਟੀ ਦੇ ਸਾਹਮਣੇ ਖੜ੍ਹਾ ਹੈ। ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਬੰਦ ਪਿਆ ਸੀਵਰੇਜ, ਹਨੇਰੇ ਵਿੱਚ ਡੁੱਬੀਆਂ ਸਟਰੀਟ ਲਾਈਟਾਂ, ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਘਾਟ, ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ, ਪੱਟੀ ਅਤੇ ਚੂਸਲੇਵੜ ਸਮੇਤ ਅਧੂਰੇ ਪਏ ਸਟੇਡੀਅਮ, ਪੰਜਾਬ ਰੋਡਵੇਜ਼ ਵਰਕਸ਼ਾਪ ਦਾ ਲੰਬੇ ਸਮੇਂ ਤੋਂ ਅਟਕਿਆ ਮਾਮਲਾ, ਪਿੰਡਾਂ ਦੇ ਛੱਪੜਾਂ ਦੀ ਸਫ਼ਾਈ, ਨੌਜਵਾਨਾਂ ਲਈ ਰੁਜ਼ਗਾਰ, ਸਰਕਾਰੀ ਦਫ਼ਤਰਾਂ ਵਿਚ ਕਥਿਤ ਰਿਸ਼ਵਤਖੋਰੀ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਮੁੱਦੇ ਲੋਕਾਂ ਦੀਆਂ ਮੁੱਖ ਚਿੰਤਾਵਾਂ ਹਨ । ਵਪਾਰੀ ਵਰਗ ਵੀ ਚੋਰੀਆਂ, ਲੁੱਟ-ਖੋਹ, ਫਿਰੌਤੀਆਂ, ਗੋਲੀਬਾਰੀ ਅਤੇ ਵੱਧ ਰਹੀ ਅਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਜੇਕਰ ਜਸਕਵਰ ਸਿੰਘ ਜੱਸਾ ਪੱਟੀ ਇਨ੍ਹਾਂ ਆਦਿ ਮੁੱਦਿਆਂ ਦੇ ਹੱਲ ਲਈ ਪ੍ਰਭਾਵਸ਼ਾਲੀ ਪਹਿਲ ਕਰਦੇ ਹਨ ਤਾਂ ਉਹ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾ ਸਕਦੇ ਹਨ। ਹੁਣ ਪੂਰੇ ਹਲਕੇ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਪਹਿਲਵਾਨੀ ਦੇ ਅਖਾੜੇ ਵਿਚ ਆਪਣਾ ਲੋਹਾ ਮੰਨਵਾ ਚੁੱਕੇ ਜਸਕਵਰ ਸਿੰਘ ਜੱਸਾ ਪੱਟੀ ਕੀ ਸਿਆਸਤ ਦੇ ਇਸ ਕਠਿਨ ਅਖਾੜੇ ਵਿਚ ਵੀ ਉਹੀ ਜਿੱਤ ਦਰਜ ਕਰ ਸਕਣਗੇ ਜਾਂ ਫਿਰ ਦਹਾਕਿਆਂ ਤੋਂ ਜ਼ਮੀਨੀ ਪਕੜ ਰੱਖਣ ਵਾਲੇ ਦਿੱਗਜ ਆਗੂਆਂ ਦਾ ਤਜ਼ਰਬਾ ਉਨ੍ਹਾਂ ’ਤੇ ਭਾਰੀ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਤਰੁਣ ਜੋਸ਼ੀ ਨੇ ਐੱਨ.ਐੱਚ.ਆਰ.ਸੀ. ਮੈਂਬਰ ਪ੍ਰਿਯੰਕ ਕਾਨੂੰਨਗੋ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਹਲਕਾ ਖਡੂਰ ਸਾਹਿਬ ਦੇ ਪਿੰਡ ਜਾਮਾਰਾਏ ਵਿਖੇ ਹਰਪ੍ਰੀਤ ਕੋਟ ਵਲੋਂ ਮੀਟਿੰਗ
Ad Position 24
No active advertisement