Aਝਬਾਲ, 29 ਜੁਲਾਈ (ਸਰਬਜੀਤ ਸਿੰਘ)- ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ ਦੀ ਸੜਕ ਅੰਮ੍ਰਿਤਸਰ ਰੋਡ ਅੱਡਾ ਝਬਾਲ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਹੋਈਆਂ ਬਰਸਾਤਾਂ ਕਾਰਨ ਪਾਣੀ ’ਚ ਡੁੱਬੀ ਹੋਈ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਨਾਲ ਇਥੋਂ ਲੰਘਣ ਵਾਲੇ ਵਾਹਨ ਸਵਾਰ ਲੋਕਾਂ ਅਤੇ ਹੋਰ ਰਾਹੀਗੀਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਰੋਡ ਉੱਪਰ ਬਣੀਆਂ ਦੁਕਾਨਾਂ ਵਾਲੇ ਦੁਕਾਨਦਾਰਾਂ ਅਤੇ ਹੋਰ ਘਰਾਂ ਵਾਲਿਆਂ ਨੂੰ ਆਉਣ-ਜਾਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਇਕੱਤਰ ਹੋਏ ਪਾਣੀ ਕਾਰਨ ਦੁਕਾਨਦਾਰਾਂ ਦੇ ਕੰਮ ਵੀ ਠੱਪ ਹੋਏ ਹਨ ਅਤੇ ਬਰਸਾਤੀ ਤੇ ਗਰਮੀਆਂ ਦਾ ਮੌਸਮ ਹੋਣ ਕਰਕੇ ਇੱਥੇ ਪੈਦਾ ਹੋ ਮੱਛਰਾਂ ਅਤੇ ਹੋਰ ਗੰਦਗੀ ਕਾਰਨ ਇਹ ਸੰਘਣੀ ਆਬਾਦੀ ਵਾਲੇ ਅੱਡਾ ਝਬਾਲ ਵਾਸੀਆਂ ਨੂੰ ਕਿਸੇ ਭਿਆਨਕ ਬਿਮਾਰੀ ਫੈਲਣ ਤੋਂ ਵੀ ਡਰ ਲੱਗ ਰਿਹਾ ਹੈ। ਇਸ ਇਕੱਠੇ ਹੁੰਦੇ ਪਾਣੀ ਕਾਰਨ ਸੜਕ ’ਚ ਟੋਏ ਵੀ ਪੈਣੇ ਸ਼ੁਰੂ ਹੋ ਚੁੱਕੇ ਹਨ ਅਤੇ ਸੜਕ ਟੁੱਟਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸੜਕ ਰਸਤੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਰੋਜ਼ਾਨਾ ਹੀ ਖੇਮਕਰਨ ਸਰਹੱਦੀ ਏਰੀਏ ਦੇ ਦਰਜਨਾ ਪਿੰਡਾਂ ਦੇ ਲੋਕ ਅਤੇ ਹੋਰ ਅਧਿਕਾਰੀ ਇਸ ਰਸਤਿਓਂ ਲੰਘਦੇ ਹੋਏ ਆਪਣੇ ਕੰਮਾਂ ਧੰਦਿਆਂ ਲਈ ਅੰਮ੍ਰਿਤਸਰ ਲਈ ਆਉਣ-ਜਾਣ ਕਰਦੇ ਹਨ, ਜਿਸ ਲਈ ਕਿ ਟੋਲ ਪਲਾਜੇ ਦੀ ਫੀਸ ਵੀ ਆਮ ਜਨਤਾ ਨੂੰ ਭਰਨੀ ਪੈਂਦੀ ਹੈ, ਪ੍ਰੰਤੂ ਪਾਣੀ ਨਾ ਦਾ ਨਿਕਾਸ ਨਾ ਹੋਣ ਕਰਕੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣ ਲਈ ਮਜ਼ਬੂਰ ਹੋ ਕੇ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਸੰਬੰਧੀ ਚੇਅ. ਬਲਵਿੰਦਰ ਸਿੰਘ ਝਬਾਲ, ਚੇਅ. ਰਮਨ ਕੁਮਾਰ ਝਬਾਲ, ਕਾ. ਅਸ਼ੋਕ ਕੁਮਾਰ ਸੋਹਲ, ਸਤਿਕਾਰ ਕਮੇਟੀ ਆਗੂ ਮਨਜੀਤ ਸਿੰਘ ਝਬਾਲ, ਪੂਰਨ ਸਿੰਘ ਅੱਡਾ ਝਬਾਲ ਅਤੇ ਹੋਰ ਅੱਡਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਰੋਡ ਅੱਡਾ ਝਬਾਲ ਵਿਖੇ ਸੜਕ ਉੱਪਰ ਗੰਦੇ ਪਾਣੀ ਦੇ ਲੱਗਦੇ ਛੱਪੜ ਜੇ ਪਾਣੀ ਨੂੰ ਇਥੋਂ ਕੱਢਣ ਲਈ ਨਿਕਾਸ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਅਤੇ ਕੋਈ ਬਿਮਾਰੀ ਫੈਲਣ ਤੋਂ ਬਚਿਆ ਜਾ ਸਕੇ l