16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੇ ਰੋਸ ਵਜੋਂ ਜ਼ਿਲ੍ਹਾ ਤਰਨ ਤਾਰਨ ਮੁਕੰਮਲ ਰਿਹਾ ਬੰਦ

ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਵੱਖ ਵੱਖ ਜਥੇਬੰਦੀਆਂ ਵਲੋਂ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਤਰਨ ਤਾਰਨ ਵਿਚ ਭਰਵਾਂ ਹੁੰਗਾਰਾ ਮਿਲਿਆ। ਤਰਨਤਾਰਨ ਸ਼ਹਿਰ ਤੋਂ ਇਲਾਵਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਫਤਿਆਬਾਦ, ਚੋਹਲਾ ਸਾਹਿਬ, ਸਰਹਾਲੀ, ਹਰੀਕੇ, ਨੌਸ਼ਹਿਰਾ ਪੰਨੂੰਆਂ, ਸੇਰੋਂ, ਪੱਟੀ, ਖੇਮਕਰਨ, ਅਮਰਕੋਟ, ਵਲਟੋਹਾ, ਭਿੱਖੀਵਿੰਡ, ਖਾਲੜਾ, ਸੁਰ ਸਿੰਘ, ਸ਼ਾਹਬਾਜਪੁਰ, ਝਬਾਲ, ਸਰਾਏ ਅਮਾਨਤ ਖ਼ਾਂ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿਚ ਮੁਕੰਮਲ ਹੜਤਾਲ ਰਹੀ।

Ad Position 21
No active advertisement
ਟੀ. ਪੁਆਇੰਟ ਮਾਝਾ ਕਾਲਜ ਦੇ ਨਜ਼ਦੀਕ ਧਰਨੇ ਦੌਰਾਨ ਪਹੁੰਚੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਇਕਬਾਲ ਸਿੰਘ ਸੰਧੂ ਸੰਬੋਧਨ ਕਰਦੇ ਹੋਏ ਅਤੇ ਇਸ ਮੌਕੇ ਰੋਸ ਵਜੋਂ ਧਰਨੇ ’ਤੇ ਬੈਠੇ ਉਨ੍ਹਾਂ ਦੇ ਸਮੱਰਥਕ। ਬੰਦ ਦੌਰਾਨ ਯੂਨੀਅਨ ਬੈਂਕ ਦੇ ਦਰਵਾਜ਼ੇ ’ਤੇ ਲੱਗੇ ਤਾਲੇ। ਤਰਨ ਤਾਰਨ ਦੇ ਚਾਰ ਖੰਭਾ ਚੌਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਰਬਜੀਤ ਸਿੰਘ ਬੈਂਕਾ ਨੂੰ ਫੜ੍ਹ ਕੇ ਲਿਜਾਂਦੇ ਹੋਏ ਡੀ.ਐਸ.ਪੀ. ਸੁਖਬੀਰ ਸਿੰਘ ਤੇ ਹੋਰ ਪੁਲਿਸ ਕਰਮਚਾਰੀ। 16-10-2026
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)-ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਵੱਖ ਵੱਖ ਜਥੇਬੰਦੀਆਂ ਵਲੋਂ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਤਰਨ ਤਾਰਨ ਵਿਚ ਭਰਵਾਂ ਹੁੰਗਾਰਾ ਮਿਲਿਆ। ਤਰਨਤਾਰਨ ਸ਼ਹਿਰ ਤੋਂ ਇਲਾਵਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਫਤਿਆਬਾਦ, ਚੋਹਲਾ ਸਾਹਿਬ, ਸਰਹਾਲੀ, ਹਰੀਕੇ, ਨੌਸ਼ਹਿਰਾ ਪੰਨੂੰਆਂ, ਸੇਰੋਂ, ਪੱਟੀ, ਖੇਮਕਰਨ, ਅਮਰਕੋਟ, ਵਲਟੋਹਾ, ਭਿੱਖੀਵਿੰਡ, ਖਾਲੜਾ, ਸੁਰ ਸਿੰਘ, ਸ਼ਾਹਬਾਜਪੁਰ, ਝਬਾਲ, ਸਰਾਏ ਅਮਾਨਤ ਖ਼ਾਂ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿਚ ਮੁਕੰਮਲ ਹੜਤਾਲ ਰਹੀ। ਜਿਥੇ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ, ਉਥੇ ਬਾਜ਼ਾਰ, ਬੈਂਕ, ਸਕੂਲ, ਫੈਕਟਰੀਆਂ, ਪ੍ਰਾਈਵੇਟ ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ। ਹੋਰ ਪ੍ਰਾਈਵੇਟ ਅਦਾਰਿਆਂ ਨੇ ਵੀ ਹੜ੍ਹਤਾਲ ਵਿਚ ਆਪਣਾ ਹਿੱਸਾ ਪਾਉਂਦਿਆਂ ਆਪਣੇ ਕੰਮਕਾਜ਼ ਵੀ ਬੰਦ ਰੱਖੇ। ਤਰਨ ਤਾਰਨ ਸ਼ਹਿਰ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਸਾਬਕਾ ਐਸ.ਐਸ. ਬੋਰਡ ਦੇ ਮੈਂਬਰ ਇਕਬਾਲ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਦੀ ਅਗਵਾਈ ਵਿਚ ਟੀ. ਪੁਆਇੰਟ ਨੇੜ੍ਹੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਤਰਨ ਤਾਰਨ ਰੋਡ ਸਥਿਤ ਝਬਾਲ ਚੌਂਕ ਦੇ ਨਜ਼ਦੀਕ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਦੇਵ ਸਿੰਘ ਸੰਧੂ ਦੀ ਅਗਵਾਈ ਵਿਚ ਪ੍ਰਦਰਸ਼ਨ ਕਰਕੇ ਇਸ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਇਕਬਾਲ ਸਿੰਘ ਸੰਧੂ ਅਤੇ ਚਮਕੌਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਨਸ਼ਾ ਤਸਕਰਾਂ ਦਾ ਬੋਲਬਾਲਾ ਹੈ, ਜਿੰਨਾਂ ਨੂੰ ਫੜ੍ਹਨ ਲਈ ਪੁਲਿਸ ਵੀ ਹਿੰਮਤ ਨਹੀਂ ਦਿਖਾਉਂਦੀ। ਨਸ਼ਾ ਤਸਕਰਾਂ ਦੇ ਹੌਂਸਲੇ ਏਨੇ ਬੁਲੰਦ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਗੋਲੀ ਮਾਰ ਕੇ ਸਦਾ ਲਈ ਸਵਾਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ। ਇਸ ਸਮੇਂ ਹਰ ਮੁਹੱਲੇ ਅਤੇ ਗਲੀ ਦੇ ਬਾਹਰ ਨਸ਼ਾ ਤਸਕਰ ਸ਼ਰੇਆਮ ਨਸ਼ੀਲੇ ਪਦਾਰਥ ਵੇਚ ਰਹੇ ਹਨ, ਜਦਕਿ ਇਨ੍ਹਾਂ ਨੂੰ ਰੋਕਣ ਦੀ ਕੋਈ ਵੀ ਹਿੰਮਤ ਨਹੀਂ ਕਰ ਰਿਹਾ। ਜੇਕਰ ਪਰਵਿੰਦਰ ਸਿੰਘ ਝੋਟਾ ਵਰਗੇ ਸਮਾਜ ਸੇਵੀ ਵਲੋਂ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਮਾਨਸਾ ਦੇ ਇਕ ਦੁਕਾਨਦਾਰ ਨੂੰ ਉਸ ਦੀ ਦੁਕਾਨ ’ਤੇ ਜਾ ਕੇ ਰੋਕਿਆ ਗਿਆ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਪੂਰੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਦੁੱਖ ਹੈ, ਜਿਸ ਕਾਰਨ ਸੂਬੇ ਵਿਚ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਗੁਰਦੇਵ ਸਿੰਘ ਸੰਧੂ ਨੇ ਕਿਹਾ ਕਿ ਹੁਣ ਨਸ਼ਾ ਤਸਕਰਾਂ ਦੇ ਖ਼ਿਲਾਫ਼ ਆਰ–ਪਾਰ ਦੀ ਲੜਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਨਸ਼ੇ ਦੇ ਖ਼ਿਲਾਫ਼ ਵਹੀਰ ਘੱਤੀ ਸੀ, ਉਸੇ ਤਰ੍ਹਾਂ ਹੁਣ ਪਾਰਟੀ ਵਲੋਂ ਨਸ਼ੇ ਨੂੰ ਖ਼ਤਮ ਕਰਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਕਤ ਆਗੂਆਂ ਨੇ ਤਰਨ ਤਾਰਨ ਸ਼ਹਿਰ ਦੇ ਦੁਕਾਨਦਾਰਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਮਾਲਕਾਂ, ਮੁਖੀਆਂ ਅਤੇ ਇਥੇ ਕੰਮ ਕਰਨ ਵਾਲਿਆਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਜ਼ਿਲ੍ਹਾ ਤਰਨ ਤਾਰਨ ਵਿਚ ਸੰਪੂਰਨ ਬੰਦ ਕਰਨ ਵਿਚ ਆਪਣਾ ਯੋਗਦਾਨ ਪਾਇਆ। ਜ਼ਿਲ੍ਹਾ ਤਰਨ ਤਾਰਨ ਵਿਚ ਮੁਕੰਮਲ ਬੰਦ ਮੌਕੇ ਅਮਨ ਕਾਨੂੰਨ ਨੂੰ ਕਾਮਯਾਬ ਰੱਖਣ ਵਿਚ ਕਾਮਯਾਬ ਰਹੀ ਪੁਲਿਸ ਵੱਖ ਵੱਖ ਜਥੇਬੰਦੀਆਂ ਵਲੋਂ ਨਸ਼ੇ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਮੌਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਵਲੋਂ ਐਸ.ਪੀ., ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਤੋਂ ਇਲਾਵਾ ਸਾਰੇ ਥਾਣਾ ਮੁਖੀਆਂ, ਚੌਂਕੀ ਇੰਚਾਰਜਾਂ ਸਮੇਤ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਤਰਨ ਤਾਰਨ ਸ਼ਹਿਰ ਵਿਚ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਅਤੇ ਡੀ.ਐਸ.ਪੀ. ਹੈਡਕੁਆਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਸਿਟੀ ਪਰਮਜੀਤ ਸਿੰਘ ਵਿਰਦੀ, ਇੰਸ. ਨਵਦੀਪ ਸਿੰਘ ਭੱਟੀ ਤੇ ਹੋਰ ਪੁਲਿਸ ਅਧਿਕਾਰੀ ਤਾਇਨਾਤ ਸਨ। ਚਾਰ ਖੰਭਾ ਚੌਂਕ ਵਿਖੇ ਪ੍ਰਦਰਸ਼ਨਕਾਰੀਆਂ ਵਲੋਂ ਜਬਰੀ ਦੁਕਾਨਾਂ ਬੰਦ ਕਰਵਾਏ ਜਾਣ ’ਤੇ ਪੁਲਿਸ ਨੇ ਸਰਬਜੀਤ ਸਿੰਘ ਬੈਂਕਾ ਆਗੂ ਵਾਰਿਸ ਪੰਜਾਬ ਦੇ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ ਵਿਖੇ ਲਿਜਾਇਆ ਗਿਆ, ਜਿਥੇ ਸ਼ਾਮ ਨੂੰ ਉਸ ਨੂੰ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ ਟੀ. ਪੁਆਇੰਟ ਮਾਝਾ ਕਾਲਜ ਦੇ ਨਜ਼ਦੀਕ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵਲੋਂ ਦਿੱਤੇ ਗਏ ਧਰਨੇ ਮੌਕੇ ਡੀ.ਐਸ.ਪੀ. ਗੋਇੰਦਵਾਲ ਹਰਿੰਦਰ ਸਿੰਘ ਅਤੇ ਐਸ.ਐਚ.ਓ. ਸਦਰ ਬਲਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਤਾਇਨਾਤ ਸਨ। ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਬੰਦ ਪੂਰੇ ਅਮਨ ਅਮਾਨ ਨਾਲ ਸੰਪਨ ਹੋਇਆ ਹੈ, ਜਿਸ ਲਈ ਉਹ ਸਥਾਨਕ ਲੋਕਾਂ ਦੇ ਧੰਨਵਾਦੀ ਹਨ। ਬੰਦ ਨੂੰ ਬਲਾਕ ਖਡੂਰ ਸਾਹਿਬ ’ਚ ਮਿਲਿਆ ਭਰਵਾਂ ਹੁੰਗਾਰਾ ਮੀਆਂਵਿੰਡ, (ਗੁਰਪ੍ਰਤਾਪ ਸਿੰਘ ਸੰਧੂ)-ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਨੌਜ਼ਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਅਨੁਸਾਰ ਬਲਾਕ ਖਡੂਰ ਸਾਹਿਬ ਵਿਚ ਪੈਂਦੇ ਵੱਖ-ਵੱਖ ਪਿੰਡਾਂ ਵਿਚ ਅਤੇ ਅੱਡਿਆਂ ’ਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਬਲਾਕ ਵਿਚ ਪੈਂਦੇ ਪਿੰਡਾਂ ਤਖਤੂਚੱਕ, ਚੌਂਕ ਨਾਗੋਕੇ ਮੋੜ, ਜਲਾਲਾਬਾਦ, ਭਲਾਈਪੁਰ ਡੋਗਰਾਂ, ਮੀਆਂਵਿੰਡ, ਸਰਾਂ ਤਲਵੰਡੀ ਢੋਟਾ ਆਦਿ ਪਿੰਡਾਂ ਦੇ ਦੁਕਾਨਦਾਰਾਂ ਵਲੋਂ ਬੰਦ ਦੇ ਸੱਦੇ ਨੂੰ ਆਪਣਾ ਸਮਰਥਨ ਦਿੰਦੇ ਹੋਏ ਆਪਣੇ ਕਾਰੋਬਾਰ ਠੱਪ ਰੱਖੇ। ਬੰਦ ਸੰਬੰਧੀ ਗੱਲਬਾਤ ਕਰਦੇ ਹੋਏ ਚੌਕ ਨਾਗੋਕੇ ਮੋੜ ਵਿਖੇ ਨਾਮਵਾਰ ਸ਼ਾਹ ਖੇਤੀ ਸਟੋਰ ਦੇ ਮਾਲਕ ਹਰਜਿੰਦਰ ਸਿੰਘ ਰਾਮਪੁਰ ਵਾਲੇ ਸਾਬਕਾ ਸਰਪੰਚ ਨਾਗੋਕੇ ਮੋੜ ਨੇ ਕਿਹਾ ਕਿ ਉਹ ਗੁਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਦਾ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਵਿੰਦਰ ਸਿੰਘ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਸਨ, ਪਰ ਕਲਯੁਗ ਦੇ ਦੌਰ ਵਿਚ ਸਮਾਜ ਦਾ ਭਲਾ ਕਰਨਾ ਵੀ ਇਕ ਗੁਨਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟੇ ਦੀ ਮੌਤ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਕਾਰਨ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਵਿਚ ਭਾਰੀ ਰੋਸ ਹੈ। ਪੰਜਾਬ ਬੰਦ ਦੇ ਸੱਦੇ ’ਤੇ ਭਿੱਖੀਵਿੰਡ ਰਿਹਾ ਪੂਰੀ ਤਰ੍ਹਾਂ ਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ’ਚ ਕੀਤਾ ਗਿਆ ਰੋਸ ਪ੍ਰਦਰਸ਼ਨ ਭਿੱਖੀਵਿੰਡ, (ਬੌਬੀ)-ਨਸ਼ੇ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਮਾਨਸਾ ਦੇ ਯੋਧੇ ਭਾਈ ਪਰਮਿੰਦਰ ਸਿੰਘ ਝੋਟੇ ਦੇ ਮਾਮਲੇ ਸੰਬੰਧੀ ਦਿੱਤੇ ਪੰਜਾਬ ਬੰਦ ਸੱਦੇ ’ਤੇ ਅੱਜ ਭਿੱਖੀਵਿੰਡ ਸ਼ਹਿਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਭਿੱਖੀਵਿੰਡ ਚੌਂਕ ਵਿਚ ਧਰਨਾ ਲਾ ਕੇ ਸਰਕਾਰ ਤੇ ਪੁਲਿਸ ਵਿਰੁੱਧ ਨਾਅਰੇਬਾਜੀ ਕੀਤੀ ਗਈ ਅਤੇ ਦੁਕਾਨਾਂ ਨੂੰ ਬੰਦ ਰੱਕਣ ਲਈ ਅਪੀਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਦਲ ਵਾਰਸ ਪੰਜਾਬ ਦੇ ਅਮਨਦੀਪ ਸਿੰਘ ਨਾਰਲੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿਚੋਂ ਨਸ਼ਾ ਖਤਮ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਅੱਜ ਲੋਕਾਂ ਦੇ ਜਵਾਨ ਪੁੱਤ ਇਸ ਨਸ਼ੇ ਦੀ ਭੇਟ ਚੜ ਰਹੇ ਹਨ, ਇਹ ਸਭ ਕੁਝ ਸੱਤਾ ਵਿਚ ਬੈਠੇ ਲੋਕਾਂ ਅਤੇ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਮਨਸ਼ੇ ਨੂੰ ਸਮਝਦਿਆਂ ਸਰਕਾਰ ਨੂੰ ਆਉਂਦੀਆਂ ਚੋਣਾਂ ਵਿਚ ਉਖਾੜ ਸੁੱਟੋ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਮਜ਼ਬੂਤ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜੋ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਵਿਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਿਸ ਮਾਂ ਦੇ ਦੋ ਦੋ ਜਵਾਨ ਪੁੱਤ ਨਸ਼ੇ ਦੀ ਭੇਟ ਚੜ ਗਏ ਹਨ, ਉਸਨੇ ਸਰਕਾਰ ਵਲੋਂ ਦਿੱਤਾ ਜਾਂਦਾ ਕੀ ਕਰਨਾ ਹੈ। ਇਸ ਮੌਕੇ ਵਾਰਿਸ ਪੰਜਾਬ ਦੇ ਪਾਰਟੀ ਦੇ ਜਸਵਿੰਦਰ ਸਿੰਘ, ਦਵਿੰਦਰ ਸਿੰਘ ਮਾੜੀ ਕੰਬੋਕੇ, ਜਗਰੂਪ ਸਿੰਘ ਪੂਹਲਾ, ਗੁਰਜੀਤ ਸਿੰਘ ਜੰਡ, ਮਲਕੀਤ ਸਿੰਘ ਅਲਗੋਂ, ਜਿਗਰਜੀਤ ਸਿੰਘ ਕੱਚਾ ਪੱਕਾ, ਸੁਖਚੈਨ ਸਿੰਘ ਫੌਜੀ, ਸੁਖਦੇਵ ਸਿੰਘ ਫੌਜੀ, ਗੁਰਚੇਤ ਸਿੰਘ ਅਲਗੋਂ, ਦਲਜੀਤ ਸਿੰਘ ਘੁਰਕਵਿੰਡ, ਗੁਰਸੇਵਕ ਸਿੰਘ ਛੰਨਾ, ਹਰਭਜਨ ਸਿੰਘ ਫੌਜੀ, ਕਰਮਜੀਤ ਸਿੰਘ ਲਖਣਾ, ਸ਼ਰਨਜੀਤ ਸਿੰਘ ਲਖਣਾ, ਦਿਲਬਾਗ ਸਿੰਘ ਨਾਰਲੀ, ਸੁੱਖ ਸਿੱਧਵਾਂ, ਵਰਿੰਦਰ ਸਿੰਘ ਮਾੜੀ ਮੇਘਾ, ਗੁਰਸਾਹਿਬ ਸਿੰਘ ਮਾੜੀ ਮੇਘਾ, ਸਤਨਾਮ ਸਿੰਘ ਬੈਂਕਾਂ, ਸੁਖਬੀਰ ਸਿੰਘ ਬੈਂਕਾਂ, ਮਨਦੀਪ ਸਿੰਘ ਬੈਂਕਾਂ, ਗੁਰਪਾਲ ਸਿੰਘ ਬੈਂਕਾਂ, ਹਰਜੀਤ ਸਿੰਘ ਫੌਜੀ, ਗੁਰਪਾਲ ਸਿੰਘ ਬੈਂਕਾਂ ਆਦਿ ਹਾਜ਼ਰ ਸਨ। ਬੰਦ ਦੇ ਸੱਦੇ ’ਤੇ ਪੱਟੀ ਸ਼ਹਿਰ ਮੁਕੰਮਲ ਬੰਦ ਪੱਟੀ, (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) –ਬੀਤੇ ਦਿਨੀ ਮਾਨਸਾ ਵਿਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਮੈਡੀਕਲ ਸਟੋਰ ਮਾਲਕ ਵਲੋਂ ਕੀਤੇ ਗਏ ਕਤਲ ਦੇ ਵਿਰੋਧ ਵਿੱਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਪੱਟੀ ਸ਼ਹਿਰ ਮੁਕੰਮਲ ਬੰਦ ਹੋ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਵਲੋਂ ਪੱਟੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਲੋਕ ਟਾਵਰ ਚੌਂਕ ਵਿਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਬੱਸ ਅੱਡੇ ਵਿਚੋਂ ਬੱਸਾਂ ਵੀ ਨਹੀਂ ਚੱਲੀਆਂ ਬੱਸ ਅੱਡਾ ਸੁਨਸਾਨ ਹੀ ਨਜ਼ਰ ਆ ਰਿਹਾ ਸੀ। ਇਥੋਂ ਤੱਕ ਕਿ ਸ਼ਰਾਬ ਦੇ ਠੇਕੇ ਵੀ ਬੰਦ ਰਹੇ। ਇਸ ਮੌਕੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਬਾਹਮਣੀਵਾਲਾ ਦੀ ਅਗਵਾਈ ਹੇਠ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੇ ਦਿਸ਼ਾ ਨਿਰਦੇਸ਼ ਹੇਠ ਸੁਖਵੰਤ ਸਿੰਘ ਜੋਨ ਆਗੂ ਦੀ ਅਗਵਾਈ ਹੇਠ ਪੱਟੀ ਦੇ ਲਾਹੌਰ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਖਬੀਰ ਸਿੰਘ ਢਿੱਲੋ ਜੋਨ ਆਗੂ, ਸੁਖਚੈਨ ਸਿੰਘ,ਹਰਦੀਪ ਸਿੰਘ ਬਿੱਲਾ ਭੁਪਿੰਦਰ ਸਿੰਘ, ਬੇਅੰਤ ਸਿੰਘ ਹਰਜੀਤ ਸਿੰਘ ਰਾਜਵਿੰਦਰ ਸਿੰਘਅਤੇ ਵੱਡੀ ਗਿਣਤੀ ਵਿਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਕਿਸਾਨ ਆਗੂ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਹਰੀਕੇ ਪੱਤਣ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਮਾਰਚ ਕੀਤਾ ਹਰੀਕੇ ਪੱਤਣ, (ਸੰਜੀਵ ਕੁੰਦਰਾ)– ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਕਸਬਾ ਹਰੀਕੇ ਪੱਤਣ ਦੇ ਮੇਨ ਬਾਜਾਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਪਾਲ ਸਿੰਘ ਜੌਣੇਕੇ ਅਤੇ ਪ੍ਰੈਸ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਜੋ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੀ ਕਤਲ ਹੋਇਆ ਹੈ, ਉਸ ਲਈ ਪੰਜਾਬ ਸਰਕਾਰ ਜੁੰਮੇਵਾਰ ਹੈ ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਕਿਸਾਨ ਆਗੂ ਬਚਿੱਤਰ ਸਿੰਘ, ਜੋਗਿੰਦਰ ਪਾਲ ਵੇਦੀ, ਸੁਨੀਲ ਸ਼ਰਮਾ, ਰਾਜ ਕੁਮਾਰ ਮੱਕੜ, ਜਰਨੈਲ ਸਿੰਘ ਕਿੜੀਆਂ, ਰਸ਼ਪਾਲ ਸਿੰਘ, ਕੰਵਲਜੀਤ ਸਿੰਘ ਅਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ - ਕੁਲਦੀਪ ਸਿੰਘ ਔਲਖ ਅਗਲੀ ਖ਼ਬਰ ਪਿੰਡ ਤੁੜ ਵਿਖੇ ਡੀ.ਜੀ.ਪੀ. ਪੰਜਾਬ ਅਤੇ ਭਗਵੰਤ ਮਾਨ ਦਾ ਸਾੜਿਆ ਪੁਤਲਾ
Ad Position 24