ਲੁਧਿਆਣਾ, 6 ਜਨਵਰੀ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਵਲੋਂ ਵੀ.ਆਈ.ਪੀ. ਸੁਰੱਖਿਆ ਪ੍ਰੋਟੋਕੋਲ ਅਧੀਨ ਮਾਹਿਰ ਡਾਕਟਰਾਂ ਦੀ ਤੈਨਾਤੀ ਘੱਟ ਕੀਤੀ ਗਈ ਅਤੇ ਹੋਰ ਮੇਲੇ ਆਦਿ ਵਿਚ ਵੀ ਡਾਕਟਰਾਂ ਦੀ ਡਿਊਟੀ ਨੂੰ ਤਰਕਸੰਗਤ ਬਣਾਉਣ ਦੇ ਨਵੇਂ ਆਦੇਸ਼ਾਂ ਦਾ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵਲੋਂ ਸਵਾਗਤ ਕੀਤਾ ਗਿਆ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਪੀ.ਸੀ.ਐਮ.ਐਸ.ਏ ਦਾ ਦਿ੍ੜ੍ਹਤਾ ਨਾਲ ਮੰਨਣਾ ਹੈ ਕਿ ਸਰਕਾਰ ਦਾ ਇਹ ਲੋਕ-ਪੱਖੀ ਫ਼ੈਸਲਾ ਰਾਜ ਦੀਆਂ ਸਾਰੀਆਂ ਸੈਕੰਡਰੀ ਅਤੇ ਉੱਚ ਪੱਧਰੀ ਸਿਵਲ ਹਸਪਤਾਲਾਂ ਦੀਆਂ ਜਨਤਕ ਸਿਹਤ ਸਹੂਲਤਾਂ ਵਿਚ ਸਪੈਸ਼ਲਿਸਟ ਸੇਵਾਵਾਂ ਨੂੰ ਮਜ਼ਬੂਤ ਕਰੇਗਾ | ਇਸ ਨਾਲ ਹਸਪਤਾਲਾਂ ਦੀ ਓ.ਪੀ.ਡੀ. ਵਿਚ ਆਉਣ ਵਾਲੇ ਮਰੀਜ਼ਾਂ ਲਈ ਸਪੈਸ਼ਲਿਸਟ ਡਾਕਟਰਾਂ ਦੀ ਬਿਹਤਰ ਉਪਲਬਧਤਾ ਯਕੀਨੀ ਬਣਾਈ ਜਾਵੇਗੀ | ਇਸ ਨਾਲ ਗ਼ਰੀਬਾਂ ਅਤੇ ਪਛੜੇ ਲੋਕਾਂ ਲਈ ਸਪੈਸ਼ਲਿਸਟ ਸਿਹਤ ਸੰਭਾਲ ਸੇਵਾਵਾਂ ਨੂੰ ਸੁਚਾਰੂ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪਿ੍ੰਸੀਪਲ ਸਕੱਤਰ ਕੁਮਾਰ ਰਾਹੁਲ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦਾ ਉਨ੍ਹਾਂ ਵਲੋਂ ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਕੀਤੇ ਫ਼ੈਸਲੇ ਲਈ ਦਿਲੋਂ ਧੰਨਵਾਦ ਕਰਦੀ ਹੈ | ਉਨ੍ਹਾਂ ਕਿਹਾ ਕਿ ਸਪੈਸ਼ਲਿਸਟ ਪੀ.ਸੀ.ਐਮ.ਐਸ. ਮੈਡੀਕਲ ਅਫ਼ਸਰਾਂ ਦੀਆਂ ਵੀ. ਵੀ. ਆਈ. ਪੀ. ਡਿਊਟੀਆਂ ਨੂੰ ਤਰਕਸੰਗਤ ਬਣਾਉਣਾ ਲੋਕ ਹਿਤ ਲਈ ਜ਼ਰੂਰੀ ਕਦਮ ਹੈ |