ਲੁਧਿਆਣਾ, 25 ਜਨਵਰੀ (ਭੁਪਿੰਦਰ ਸਿੰਘ ਬੈਂਸ)- ਐਤਵਾਰ ਸਵੇਰੇ ਸੁੰਦਰ ਨਗਰ ਨੇੜਲੇ ਘਾਟੀ ਮੁਹੱਲੇ ਵਿਚ ਇਕ ਸੀਐਨਜੀ ਟਰੱਕ ਨੰੂ ਅਚਾਨਕ ਅੱਗ ਲੱਗ ਜਾਣ ਕਾਰਨ ਭਿਆਨਕ ਧਮਾਕਾ ਹੋ ਗਿਆ, ਜਿਸ ਨਾਲ ਇਲਾਕੇ 'ਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ | ਇਸ ਹਾਦਸੇ ਵਿਚ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਵਿਚ ਲੋਡ ਕੀਤਾ ਗੱਦੇ ਬਣਾਉਣ ਵਾਲਾ ਫੋਮ ਵੀ ਪੂਰੀ ਤਰ੍ਹਾਂ ਸੜ ਗਿਆ | ਜਾਣਕਾਰੀ ਮੁਤਾਬਿਕ ਇਹ ਘਟਨਾ ਐਤਵਾਰ ਸਵੇਰੇ ਕਰੀਬ 6 ਵਜੇ ਵਾਪਰੀ | ਜਦੋਂ ਫੋਮ ਨਾਲ ਭਰਿਆ ਸੀਐਨਜੀ ਟਰੱਕ ਘਾਟੀ ਮੁਹੱਲੇ ਵਿਚ ਲੰਘ ਰਿਹਾ ਸੀ | ਇਸ ਦੌਰਾਨ ਅਚਾਨਕ ਟਰੱਕ ਵਿਚ ਲੱਗਿਆ ਸੀਐਨਜੀ ਗੈਸ ਸਿਲੰਡਰ ਫਟ ਗਿਆ, ਜਿਸ ਨਾਲ ਜੋਰਦਾਰ ਧਮਾਕਾ ਹੋਇਆ | ਧਮਾਕੇ ਦੀ ਆਵਾਜ ਸੁਣਕੇ ਇਲਾਕੇ ਦੇ ਲੋਕ ਘਰਾਂ ਵਿਚੋਂ ਬਾਹਰ ਆ ਗਏ | ਟਰੱਕ ਵਿਚ ਲੱਗੀ ਅੱਗ ਦੇਖਕੇ ਡਰਾਈਵਰ ਨੇ ਤੁਰੰਤ ਛਾਲ ਮਾਰਕੇ ਆਪਣੀ ਜਾਨ ਬਚਾਈ | ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ | ਸਥਾਨਕ ਲੋਕਾਂ ਵਲੋਂ ਤੁਰੰਤ ਫਾਇਰ ਬਿ੍ਗੇਡ ਨੰੂ ਸੂਚਨਾ ਦਿੱਤੀ ਗਈ | ਫਾਇਰ ਬਿ੍ਗੇਡ ਦੀ ਪਹਿਲੀ ਗੱਡੀ ਮੌਕੇ 'ਤੇ ਪੁੱਜੀ | ਪਰ ਅੱਗ ਜਿਆਦਾ ਹੋਣ ਕਾਰਨ ਇਕ ਹੋਰ ਗੱਡੀ ਵੀ ਬੁਲਾਈ ਗਈ | ਕਾਫੀ ਮੁਸ਼ਕਲਾਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਉਧਰ ਪੁਲਿਸ ਵਲੋਂ ਮੌਕੇ 'ਤੇ ਪੁੱਜਕੇ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ |