ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ 8 ਸਾਲ ਪਹਿਲਾਂ ਇਸਲਾਮਗੰਜ ਵਿਚ ਰਿੰਕਲ ਖੇੜਾ ਨੂੰ ਕਤਲ ਕਰਨ ਦੇ ਮਾਮਲੇ ਵਿਚ ਮੁੱਖ ਗਵਾਹ ਉਸ ਦੇ ਭਰਾ ਨੂੰ ਧਮਕੀਆਂ ਦੇਣ ਦੇ ਦੋਸ਼ ਤਹਿਤ ਪੁਲਿਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਰਿੰਕਲ ਖੇੜਾ ਦੇ ਭਰਾ ਮਨੀ ਖੇੜਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸਲਾਮਗੰਜ ਦੇ ਰਹਿਣ ਵਾਲੇ ਰਮਨਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਕਤਲ ਦੇ ਮਾਮਲੇ ਵਿਚ ਮੁੱਖ ਗਵਾਹ ਹੈ | ਉਕਤ ਕਥਿਤ ਦੋਸ਼ੀ ਰਮਨਜੋਤ ਵੀ ਇਸ ਮਾਮਲੇ ਵਿਚ ਗਵਾਹ ਸੀ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਹੁਣ ਉਸ ਨੂੰ ਗਵਾਹੀ ਨਾ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਇਸ ਸਬੰਧੀ ਮਨੀ ਖੇੜਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |