ਲੁਧਿਆਣਾ, 22 ਫਰਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਸ਼ਡਿਊਲ ਅਨੁਸਾਰ ਆਉਣ ਵਾਲੇ ਰਾਸ਼ਟਰੀ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਹਾਊਸ ਲਿਸਟਿੰਗ ਅਤੇ ਹਾਊਸਿੰਗ ਸਬੰਧੀ ਸਥਾਨਕ ਪ੍ਰਸ਼ਾਸਨ ਵਲੋਂ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾ ਰਹੀ ਹੈ | ਅਧਿਕਾਰੀਆਂ ਨੇ ਦੱਸਿਆ ਕਿ 33 ਸਵਾਲਾਂ ਦੀ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਹੈ | ਇਨ੍ਹਾਂ ਵਿਚ ਇਮਾਰਤ ਨੰਬਰ, ਘਰ ਨੰਬਰ, ਫਰਸ਼, ਦੀਵਾਰ ਅਤੇ ਛੱਤ ਦੀ ਬਣਤਰ ਦੀ ਪ੍ਰਮੁੱਖ ਸਮਗਰੀ, ਘਰ ਦੀ ਵਰਤੋਂ, ਮਕਾਨ ਦੀ ਹਾਲਤ ਅਤੇ ਪਰਿਵਾਰ ਨੰਬਰ ਆਦਿ ਸ਼ਾਮਿਲ ਹਨ | ਇਸਤੋਂ ਇਲਾਵਾ ਘਰ ਵਿਚ ਰਹਿੰਦੇ ਮੈਂਬਰਾਂ ਦੀ ਗਿਣਤੀ, ਘਰ ਦੇ ਮੁਖੀ ਦਾ ਨਾਮ ਅਤੇ ਲਿੰਗ, ਐਸ.ਸੀ, ਐਸ.ਟੀ., ਹੋਰ ਵਰਗ ਨਾਲ ਸੰਬੰਧ, ਮਲਕੀਅਤ ਦੀ ਸਥਿਤੀ, ਵੱਖਰ ਕਮਰਿਆਂ ਦੀ ਗਿਣਤੀ, ਵਿਆਹੇ ਜੋੜਿਆਂ ਦੀ ਗਿਣਤੀ, ਪੀਣ ਵਾਲੇ ਪਾਣੀ ਦਾ ਸਰੋਤ, ਬਿਜਲੀ ਦੀ ਸਹੂਲਤ, ਟਾਈਲ ਅਤੇ ਨਹਾਉਣ ਦੀ ਸਹੂਲਤ, ਰਸੋਈ ਅਤੇ ਐਲ.ਪੀ.ਜੀ, ਪੀ.ਐਨ.ਜੀ. ਕੁਨੈਕਸ਼ਨ, ਖਾਣਾ ਬਣਾਉਣ ਲਈ ਆਦਿ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ | ਸਰਵੇ ਦੌਰਾਨ ਟੀਵੀ, ਰੇਡੀਓ, ਇੰਟਰਨੈੱਟ, ਲੈਪਟਾਪ, ਕੰਪਿਊਟਰ, ਮੋਬਾਈਲ ਫ਼ੋਨ, ਸਾਈਕਲ, ਦੋ ਪਹਿਆ ਅਤੇ ਚਾਰ ਪਹੀਆ ਵਾਹਨ, ਮੁੱਖ ਅਨਾਜ ਅਤੇ ਸਿਰਫ਼ ਜਨਗਣਨਾ ਸੰਬੰਧੀ ਸੰਚਾਰ ਲਈ ਮੋਬਾਈਲ ਨੰਬਰ ਵੀ ਦਰਜ ਕੀਤਾ ਜਾਵੇਗਾ | ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਜਨਗਣਨਾ ਯੋਜਨਾ ਅਤੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸਦੇ ਆਧਾਰ 'ਤੇ ਭਵਿੱਖ ਦੀਆਂ ਨੀਤੀਆਂ ਅਤੇ ਯੋਜਨਾਵਾਂ ਤਿਆਰ ਹੁੰਦੀਆਂ ਹਨ | ਨਾਗਰਿਕਾਂ ਨੰੂ ਅਪੀਲ ਕੀਤੀ ਗਈ ਹੈ ਕਿ ਉਹ ਸਰਵੇ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਤਾਂ ਜੋ ਸਹੀ ਅਤੇ ਭਰੋਸੇਯੋਗ ਡਾਟਾ ਇਕੱਠਾ ਕੀਤਾ ਜਾ ਸਕੇ |