ਲੁਧਿਆਣਾ, 2 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਚਰਚਾ ਵਿਚ ਹੈ | ਦਮੋਰੀਆ ਪੁਲ 'ਤੇ ਲਗਭਗ 2-3 ਸਾਲ ਪਹਿਲਾਂ ਬਣਾਈ ਗਈ ਨਵੀਂ ਸੜਕ ਪਹਿਲਾਂ ਹੀ ਖਰਾਬ ਹੋ ਚੁੱਕੀ ਸੀ | ਇਸ ਤੋਂ ਬਾਅਦ ਕੀਤਾ ਗਿਆ ਪੈਚ ਵਰਕ ਵੀ ਜ਼ਿਆਦਾ ਸਮਾਂ ਨਹੀਂ ਟਿਕ ਸਕਿਆ | ਹੁਣ ਸਥਿਤੀ ਇਹ ਹੈ ਕਿ ਪੁਰਾਣੀ ਸੜਕ ਨੰੂ ਪੂਰੀ ਤਰ੍ਹਾਂ ਉਖਾੜ ਦਿੱਤਾ ਗਿਆ ਹੈ ਅਤੇ ਇੱਥੇ ਆਰ.ਐਮ.ਸੀ. ਸੜਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਸੜਕ ਉਖਾੜੇ ਜਾਣ ਨਾਲ ਇਸ ਸਮੇਂ ਪੁਲ 'ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਰੋਜ਼ਾਨਾ ਸੈਂਕੜਿਆਂ ਵਾਹਨ ਚਾਲਕ ਇਸ ਰਸਤੇ ਤੋਂ ਲੰਘਦੇ ਹਨ ਅਤੇ ਉਨ੍ਹਾਂ ਨੰੂ ਧੂੜ, ਖੱਡਿਆਂ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਸਵਾਲ ਇਹ ਹੈ ਕਿ ਜੇ ਪਹਿਲੀ ਵਾਰ ਹੀ ਮਿਆਰੀ ਕੰਮ ਕੀਤਾ ਜਾਂਦਾ ਤਾਂ ਕੁੱਝ ਸਾਲਾਂ ਵਿਚ ਹੀ ਸੜਕ ਉਖਾੜਨ ਦੀ ਨੌਬਤ ਕਿਉਂ ਆਉਂਦੀ | ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਸੜਕਾਂ ਦੇ ਨਾਂਅ 'ਤੇ ਵਾਰ-ਵਾਰ ਟੈਂਡਰ ਜਾਰੀ ਕਰਕੇ ਸਰਕਾਰੀ ਖ਼ਜ਼ਾਨੇ 'ਤੇ ਬੋਝ ਪਾਇਆ ਜਾ ਰਿਹਾ ਹੈ | ਪਹਿਲਾਂ ਨਵੀਂ ਸੜਕ, ਫਿਰ ਪੈਚ ਵਰਕ ਅਤੇ ਹੁਣ ਆਰ.ਐਮ.ਸੀ. ਲੜੀ ਨੇ ਨਿਗਮ ਦੀ ਯੋਜਨਾ ਅਤੇ ਗੁਣਵੱਤਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਬਣੀ ਸੜਕ ਅਤੇ ਪੈਚ ਵਰਕ ਦੀ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਠੇਕੇਦਾਰ ਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹੁਣ ਬਣ ਰਹੀ ਆਰ.ਐਮ.ਸੀ. ਸੜਕ ਵੀ ਮਿਆਰੀ ਨਾ ਹੋਈ ਤਾਂ ਇਹ ਜਨਤਾ ਦੇ ਪੈਸੇ ਦੀ ਇਕ ਹੋਰ ਬਰਬਾਦੀ ਸਾਬਤ ਹੋਵੇਗੀ | ਸਬੰਧਿਤ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਸੜਕ ਬਰਸਾਤੀ ਪਾਣੀ ਕਾਰਨ ਖਰਾਬ ਹੋਈ ਸੀ ਅਤੇ ਹੁਣ ਲੰਬੇ ਸਮੇਂ ਦੇ ਹੱਲ ਵਜੋਂ ਆਰ.ਐਮ.ਸੀ. ਸੜਕ ਬਣਾਈ ਜਾਵੇਗੀ | ਹਾਲਾਂਕਿ ਸ਼ਹਿਰਵਾਸੀ ਪੂਰੇ ਮਾਮਲੇ ਦੀ ਪਾਰਦਰਸ਼ੀ ਜਾਂਚ ਅਤੇ ਗੁਣਵੱਤਾ ਦੀ ਗਰੰਟੀ ਦੀ ਮੰਗ ਕਰ ਰਹੇ ਹਨ |