ਲੁਧਿਆਣਾ, 2 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਨਿਰਦੇਸ਼ਕ ਪਸਾਰ ਡਾ. ਮੱਖਣ ਸਿੰਘ ਭੁੱਲਰ, ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਐਨ.ਜੀ.ਓ. ਮਹਿਲਾ ਸਮਿਤੀ ਦੇ 80 ਸਿੱਖਿਆਰਥੀਆਂ ਲਈ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਸਿੱਖਿਆਰਥੀਆਂ ਨੂੰ ਬੇਕਿੰਗ ਸਬੰਧੀ ਬਾਰੀਕੀਆਂ ਸਿੱਖਣ ਦਾ ਮੌਕਾ ਮਿਲਿਆ | ਇਸ ਮੌਕੇ ਬੇਕਰੀ ਪ੍ਰੋਡਕਟਸ ਦੀ ਮਾਰਕੀਟਿੰਗ ਅਤੇ ਬਰੈਂਡਿੰਗ ਬਾਰੇ ਡਾ. ਖੁਸ਼ਦੀਪ ਧਾਰਨੀ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕੁਲਦੀਪ ਕੌਰ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਿੱਖਿਆਰਥੀ ਅਤੇ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਮਨਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਕੇਕ ਦੀ ਆਇਸਿੰਗ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਦਿੱਤੀ | ਡਾ. ਪ੍ਰੇਰਨਾ ਕਪਿਲਾ ਨੇ ਫੂਡ ਪ੍ਰੋਡਕਟਸ ਲਈ ਰਜਿਸਟਰ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ | ਐਨ.ਜੀ.ਓ. ਮਹਿਲਾ ਸਮਿਤੀ ਦੇ ਦੀਪਿਕਾ ਨੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਾਣਕਾਰੀ ਭਰਪੂਰ ਸੈਸ਼ਨ ਪੇਂਡੂ ਔਰਤਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ |