ਲੁਧਿਆਣਾ, 3 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਲੁਧਿਆਣਾ ਦੀ ਬਿਲਡਿੰਗ ਸ਼ਾਖਾ ਦੇ ਕੰਮਕਾਜ ਨੂੰ ਹੋਰ ਸੁਚਾਰੂ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਵਲੋਂ ਵੱਡੇ ਪੱਧਰ 'ਤੇ ਪ੍ਰਸ਼ਾਸਕੀ ਫੇਰਬਦਲ ਕੀਤੇ ਗਏ ਹਨ | ਇਸ ਤਹਿਤ ਨਗਰ ਨਿਗਮ ਦੇ ਚਾਰੇ ਜ਼ੋਨਲ ਦਫ਼ਤਰਾਂ ਵਿੱਚ ਸਥਾਈ ਸਹਾਇਕ ਟਾਊਨ ਪਲੈਨਰ (ਏ.ਟੀ.ਪੀ.) ਤਾਇਨਾਤ ਕਰ ਦਿੱਤੇ ਗਏ ਹਨ | ਅਧਿਕਾਰੀਆਂ ਮੁਤਾਬਕ ਇਸ ਕਦਮ ਦਾ ਉਦੇਸ਼ ਬਿਲਡਿੰਗ ਸ਼ਾਖਾ ਦੇ ਕੰਮ ਵਿਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣਾ ਹੈ | ਨਾਲ ਹੀ ਬਕਾਇਆ ਰਕਮ ਦੀ ਵਸੂਲੀ ਨੂੰ ਵੀ ਤੀਵਰ ਕਰਨ ਦੀ ਯੋਜਨਾ ਬਣਾਈ ਗਈ ਹੈ | ਫੇਰਬਦਲ ਦੇ ਤਹਿਤ ਨਵ-ਨਿਯੁਕਤ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੂੰ ਬਿਲਡਿੰਗ ਸ਼ਾਖਾ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ, ਜਦਕਿ ਐੱਮ. ਟੀ. ਪੀ. ਵਿਜੇ ਕੁਮਾਰ ਉਨ੍ਹਾਂ ਦੇ ਅਧੀਨ ਸੇਵਾਵਾਂ ਨਿਭਾਉਣਗੇ | ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਹਾਲ ਹੀ ਵਿੱਚ ਨਗਰ ਨਿਗਮਾਂ ਵਿੱਚ ਦਿੱਤੇ ਕਰੰਟ ਡਿਊਟੀ ਚਾਰਜ (ਸੀ.ਡੀ.ਸੀ.) ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ | ਇਸ ਦੇ ਚਲਦੇ ਬਿਲਡਿੰਗ ਸ਼ਾਖਾ ਵਿੱਚ ਵੀ ਕੁਝ ਅਧਿਕਾਰੀਆਂ ਦੇ ਸੀ.ਡੀ.ਸੀ. ਚਾਰਜ ਵਾਪਸ ਲੈ ਕੇ ਸਥਾਈ ਏ.ਟੀ.ਪੀ. ਤਾਇਨਾਤ ਕੀਤੇ ਗਏ ਹਨ | ਇਸ ਤੋਂ ਇਲਾਵਾ ਹੈੱਡ ਡਰਾਫਟਸਮੈਨ, ਬਿਲਡਿੰਗ ਇੰਸਪੈਕਟਰ ਅਤੇ ਹੋਰ ਸਟਾਫ ਦੀ ਡਿਊਟੀ ਵੀ ਤਰਕਸੰਗਤ ਢੰਗ ਨਾਲ ਲਗਾਈ ਗਈ ਹੈ ਤਾਂ ਜੋ ਵਿਭਾਗੀ ਕਾਰਗੁਜ਼ਾਰੀ ਵਿੱਚ ਸੁਧਾਰ ਆ ਸਕੇ | ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਉਸਾਰੀਆਂ 'ਤੇ ਕੜੀ ਨਿਗਰਾਨੀ ਰੱਖੀ ਜਾਵੇਗੀ ਅਤੇ ਬਕਾਇਆ ਰਕਮ ਦੀ ਵਸੂਲੀ ਵਿਚ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |