ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕਿ੍ਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮੁੰਬਈ ਵਿਚ ਇਕ ਧਾਰਮਿਕ ਸਮਾਗਮ ਦੌਰਾਨ ਪੰਜਾਬ ਵਿਚ ਧਰਮ ਪਰਿਵਰਤਨ ਦੇ ਮਾਮਲੇ ਵਿਚ ਦਿੱਤੇ ਬਿਆਨ ਦਾ ਤਿੱਖਾ ਨੋਟਿਸ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ੍ਸ਼ਚੀਅਨ ਯੂਨਾਈਟਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਹੈ ਕਿ ਅਮਿਤ ਸ਼ਾਹ ਵੋਟਾਂ ਦੀ ਰਾਜਨੀਤੀ ਲਈ ਫਿਰਕਿਆਂ ਵਿਚ ਦੁਫੇੜ ਪੈਦਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਅਮਿਤ ਸ਼ਾਹ ਨੂੰ ਸਿੱਖ ਕੌਮ ਦਾ ਇੰਨਾ ਹੀ ਫਿਕਰ ਹੈ ਤਾਂ ਉਹ ਵਰਿ੍ਹਆਂ ਤੋਂ ਬਿਨ੍ਹਾਂ ਕੇਸਾਂ ਦੇ ਜੇਲ੍ਹਾਂ ਵਿਚ ਨਜ਼ਰਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ ਲਈ ਕੰਮ ਕਰੇ ਤਾਂ ਜੋ ਉਸਦਾ ਸਿੱਖਾਂ ਪ੍ਰਤੀ ਮੋਹ ਪਤਾ ਲੱਗ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਧਰਮ ਦਾ ਕੋਈ ਪਰਿਵਰਤਨ ਨਹੀਂ ਹੋ ਰਿਹਾ ਅਤੇ ਨਾ ਹੀ ਕਿਸੇ ਨੂੰ ਲਾਲਚ ਦੇ ਕੇ ਜਾਂ ਡਰਾ ਧਮਕਾਕੇ ਜ਼ਬਰੀ ਇਸਾਈ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਧਾਰਮਿਕ ਆਜ਼ਾਦੀ ਦੇ ਮਿਲੇ ਅਧਿਕਾਰ ਦੀ ਪਾਲਣਾ ਕਰਦਿਆਂ ਇਸਾਈ ਧਰਮ ਅਖ਼ਤਿਆਰ ਕਰ ਲੈਂਦਾ ਹੈ ਤਾਂ ਇਸ ਵਿਚ ਇਸਾਈ ਧਰਮ ਦੇ ਪੈਰੋਕਾਰਾਂ ਦਾ ਕੋਈ ਰੋਲ ਨਹੀਂ ਹੈ |