ਲੁਧਿਆਣਾ, 5 ਮਾਰਚ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਵਿਕਾਸ ਦੇ ਦਾਅਵੇ ਭਾਵੇਂ ਉਚੇ ਸੁਣਾਈ ਦੇ ਰਹੇ ਹਨ ਪਰ ਜ਼ਮੀਨੀ ਸੱਚਾਈ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ | ਲੁਧਿਆਣਾ ਦੇ ਸਥਾਨਕ ਸਰਕਾਰਾਂ ਮੰਤਰੀ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਖਸਤਾਹਾਲ ਬਣੀ ਹੋਈ ਹੈ | ਮੁੱਖ ਮਾਰਗਾਂ ਦੇ ਡਿਵਾਈਡਰਾਂ ਤੇ ਲੱਗੀਆਂ ਇੰਟਰਲਾਕ ਟਾਇਲਾਂ ਕਈ ਥਾਵਾਂ ਤੋਂ ਟੁੱਟੀਆਂ ਪਈਆਂ ਹਨ | ਇਸਦੇ ਨਾਲ ਹੀ ਕਈ ਸੜਕਾਂ ਦੇ ਟੈਂਡਰ ਪਾਸ ਹੋਣ ਦੇ ਵਾਵਜੂਦ ਮੌਕੇ 'ਤੇ ਕੋਈ ਵੱਡਾ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਐਲਾਨਾਂ ਅਤੇ ਹਕੀਕਤ ਵਿਚ ਵੱਡਾ ਫਰਕ ਦਿੱਸ ਰਿਹਾ ਹੈ | ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਜਵੱਦੀ ਪੁਲ ਦੀ ਸਥਿਤੀ ਚਿੰਤਾਜਨਕ ਬਣ ਚੁੱਕੀ ਹੈ | ਪੁਲ ਉਪਰ ਦੀ ਸੜਕ ਦਿਨੋ ਦਿਨ ਟੁੱਟ ਰਹੀ ਹੈ ਅਤੇ ਕਈ ਥਾਵਾਂ 'ਤੇ ਡੂੰਘੇ ਟੋਏ ਪੈ ਗਏ ਹਨ | ਰੋਜਾਨਾ ਸੈਂਕੜਿਆਂ ਵਾਹਨ ਚਾਲਕ ਇਸ ਰਸਤੇ ਤੋਂ ਲੰਘਦੇ ਹਨ ਅਤੇ ਉਨ੍ਹਾਂ ਨੰੂ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਟੋਇਆਂ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਪੁਲ ਨਾਲ ਲੱਗਦੀਆਂ ਕੰਧਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ | ਇਲਾਕਾ ਨਿਵਾਸੀਆਂ ਅਨੁਸਾਰ ਕਈ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਨਗਰ ਨਿਗਮ ਵਲੋਂ ਕੋਈ ਢੁੱਕਵੀ ਕਾਰਵਾਈ ਨਹੀਂ ਕੀਤੀ ਗਈ | ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਵੱਦੀ ਪੁਲ ਦੀ ਖਰਾਬ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਜਾਂ ਨਵੀਂ ਸੜਕ ਬਣਾਈ ਜਾਵੇ ਤਾਂ ਜੋ ਲੋਕਾਂ ਨੰੂ ਰੋਜਾਨਾ ਦੀ ਪਰੇਸ਼ਾਨੀ ਤੋਂ ਛੁਟਕਾਰਾਂ ਮਿਲ ਸਕੇ ਅਤੇ ਕਿਸੇ ਅਣਚਾਹੇ ਹਾਦਸੇ ਤੋਂ ਬਚਿਆ ਜਾ ਸਕੇ |