ਲੁਧਿਆਣਾ, 5 ਮਾਰਚ (ਡਾ. ਤਰਲੋਚਨ ਸਿੰਘ)-ਹੋਲਾ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਡਾ. ਕੋਟਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਵਲੋਂ ਲਗਾਇਆ ਦੋ ਦਿਨਾਂ ਮੁਫ਼ਤ ਐਕਿਊਪੰਕਚਰ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ | ਕੈਂਪ ਵਿਚ ਲਗਭਗ 250 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ | ਕੈਂਪ ਦੌਰਾਨ ਬਿਨ੍ਹਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨ੍ਹਾਂ ਦਰਦ ਵਾਲੀ ਪ੍ਰਮਾਣਿਤ ਐਕਿਊਪੰਕਚਰ ਪੱਧਤੀ ਰਾਹੀਂ ਕਮਰ ਦਰਦ, ਸਰਵਾਈਕਲ, ਸਪਾਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਨਸਾਂ ਦੀ ਕਮਜ਼ੋਰੀ, ਨਿਊਰੋਪੈਥੀ, ਮਾਈਗ੍ਰੇਨ, ਅਨਿੰਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜੁਕਾਮ, ਐਲਰਜੀ, ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਅੱਖਾਂ ਦੀ ਕਮਜ਼ੋਰੀ, ਸਪੋਰਟਸ ਇੰਜਰੀ ਅਤੇ ਨਸ਼ਾ ਮੁਕਤੀ ਸੰਬੰਧੀ ਬਿਮਾਰੀਆਂ ਲਈ ਇਲਾਜ ਅਤੇ ਮੁਫ਼ਤ ਸਲਾਹ ਪ੍ਰਦਾਨ ਕੀਤੀ ਗਈ | ਇਸ ਮੌਕੇ ਇਕਬਾਲ ਸਿੰਘ ਗਿੱਲ, ਸੇਵਾਮੁਕਤ ਆਈ.ਪੀ.ਐਸ, ਜਸਵੰਤ ਸਿੰਘ, ਚੇਅਰਮੈਨ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਤਰਲੋਚਨ ਸਿੰਘ ਵਿਰਕ ਅਤੇ ਜਸਵੰਤ ਸਿੰਘ ਛਾਪਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ ਦੌਰਾਨ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਲੋਕਾਂ ਨੂੰ ਸਸਤਾ ਅਤੇ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਉਣਾ ਸਮਾਜ ਦੀ ਸਭ ਤੋਂ ਵੱਡੀ ਲੋੜ ਹੈ | ਕੈਂਪ ਵਿਚ ਡਾ. ਬਲਜਿੰਦਰ ਸਿੰਘ ਢਿੱਲੋਂ, ਡਾ. ਰਘਵੀਰ ਸਿੰਘ, ਗਗਨ ਭਾਟੀਆ, ਪ੍ਰਵੇਸ਼, ਮਨਪ੍ਰੀਤ ਸਿੰਘ, ਰਵਪ੍ਰੀਤ ਕੌਰ ਅਤੇ ਅਲੀਸ਼ਾ ਆਦਿ ਨੇ ਵੀ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ |