ਲੁਧਿਆਣਾ, 7 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਅਪਰਾ ਦੇ ਇਕ ਸਵਰਨਕਾਰ ਦੇ ਕਾਰੀਗਰ ਤੋਂ ਲੱਖਾਂ ਦੇ ਗਹਿਣੇ ਲੁੱਟਣ ਦੇ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸਵਰਨਕਾਰ ਵਿਨੋਦ ਕਾਲੜਾ ਵਾਸੀ ਪਿੰਡ ਅਪਰਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਪਰਮਜੀਤ ਸਿੰਘ ਵਾਸੀ ਗਿਆਸਪੁਰਾ ਅਤੇ ਪਲਵਿੰਦਰ ਸਿੰਘ ਵਾਸੀ ਸਟਾਰ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਆਪਣੇ ਕਾਰੀਗਰ ਅਮੀਰ ਨੂੰ ਸਰਾਫਾ ਬਾਜ਼ਾਰ ਵਿਖੇ ਗਹਿਣੇ ਤਿਆਰ ਕਰਵਾਉਣ ਲਈ ਭੇਜਿਆ ਸੀ, ਜਦੋਂ ਉਸ ਦਾ ਕਾਰੀਗਰ ਬਾਈਪਾਸ ਪਹੁੰਚਿਆ ਤਾਂ ਉਥੋਂ ਉਹ ਇਕ ਆਟੋ 'ਤੇ ਸਵਾਰ ਹੋ ਕੇ ਸਰਾਫਾ ਬਾਜ਼ਾਰ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਆਟੋ ਚਾਲਕ ਪਰਮਜੀਤ ਸਿੰਘ ਅਤੇ ਉਸ ਦੇ ਸਾਥੀ ਪਲਵਿੰਦਰ ਸਿੰਘ ਨੇ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲਏ ਤੇ ਫ਼ਰਾਰ ਹੋ ਗਏ | ਵਿਨੋਦ ਵਲੋਂ ਇਹ ਸਾਰਾ ਮਾਮਲਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |