ਲੁਧਿਆਣਾ, 12 ਮਾਰਚ (ਜਤਿੰਦਰ ਭੰਬੀ)-ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਨੂੰ ਲੈ ਕੇ ਜਿੱਥੇ ਉਦਯੋਗਪਤੀਆਂ 'ਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਇਸ ਲੜਾਈ ਦੇ ਕਾਰਨ ਉਦਯੋਗ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ, ਉਥੇ ਹੀ ਆਮ ਲੋਕਾਂ ਵਿਚ ਵੀ ਸਹਿਮ ਦਾ ਮਾਹੌਲ ਹੈ ਕਿ ਅਮਰੀਕਾ-ਇਜਰਾਈਲ ਅਤੇ ਇਰਾਨ ਦੀ ਲੜਾਈ ਮਹਿੰਗਾਈ 'ਚ ਹੋਰ ਵਾਧਾ ਕਰ ਸਕਦੀ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਜਿੱਥੇ ਢੋਆ-ਢੁਆਈ ਤੇ ਮਾੜਾ ਪ੍ਰਭਾਵ ਪੈਣ ਦੇ ਆਸਾਰ ਹਨ, ਉਥੇ ਹੀ ਗੈਸ ਦੀ ਕੀਮਤ ਵਧਣ ਨਾਲ ਖਾਣ-ਪੀਣ ਦੀਆਂ ਵਸਤਾਂ ਵੀ ਮਹਿੰਗੀਆਂ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ | ਜੇਕਰ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸਿਲੰਡਰ ਕਿਸੇ ਸਮੇਂ ਜਦ ਮਰਜ਼ੀ ਪੋਰਟਲ 'ਤੇ ਬੁੱਕ ਹੋ ਜਾਂਦਾ ਸੀ, ਹੁਣ ਖਪਤਕਾਰਾਂ ਨੂੰ ਬੁਕਿੰਗ ਕਰਵਾਉਣ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਉਪਭੋਗਤਾ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਿਲੰਡਰ ਦੀ ਬੁਕਿੰਗ ਲਈ ਸਮਾਂ-ਸੀਮਾ ਨਿਯਤ ਕਰਨ ਨਾਲ-ਨਾਲ ਘਰੇਲੂ ਸਿਲੰਡਰ ਦੀ ਸਪਲਾਈ ਤੇ ਵੀ ਮਾੜਾ ਪ੍ਰਭਾਵ ਪਿਆ ਹੈ, ਕਿਉਂਕਿ ਪਹਿਲਾਂ ਸਿਲੰਡਰ ਬੁਕਿੰਗ ਕਰਵਾਉਣ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਹੀ ਆਸਾਨੀ ਨਾਲ ਪਹੁੰਚ ਜਾਂਦਾ ਸੀ, ਪਰ ਹੁਣ ਉਪਭੋਗਤਾ ਨੂੰ ਸਿਲੰਡਰ ਬੁੱਕ ਕਰਵਾਉਣ ਲਈ ਤਾਂ ਜੱਦੋਜਹਿਦ ਕਰਨੀ ਹੀ ਪੈਂਦੀ ਹੈ, ਉਸਤੋਂ ਬਾਅਦ ਮੱਥੇ ਤੇ ਹੱਥ ਧਰ ਕੇ ਘਰੇਲੂ ਸਿਲੰਡਰ ਆਉਣ ਦੀ ਉਡੀਕ ਵੀ ਕਰਨੀ ਪੈ ਰਹੀ ਹੈ | ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਨਅਤੀ ਸ਼ਹਿਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਇਹ ਆਖਿਆ ਜਾ ਰਿਹਾ ਹੈ ਕਿ ਸ਼ਹਿਰਵਾਸੀਆਂ ਨੂੰ ਤੇਲ ਅਤੇ ਗੈਸ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਬਚਣ | ਇਸ ਸਬੰਧੀ ਉਨ੍ਹਾਂ ਸ਼ਹਿਰ 'ਚ ਸਥਿਤ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਇਕ ਮੀਟਿੰਗ ਕਰਕੇ ਜਿੱਥੇ ਇਸਦੀ ਸੁਚਾਰੂ ਢੰਗ ਨਾਲ ਸਪਲਾਈ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਉਥੇ ਹੀ ਲੋਕਾਂ ਨੂੰ ਜਮ੍ਹਾਖ਼ੋਰੀ ਤੋਂ ਪਰਹੇਜ਼ ਕਰਨ ਦੀ ਵੀ ਅਪੀਲ ਕੀਤੀ ਹੈ, ਪਰ ਇਸਦੇ ਬਾਵਜੂਦ ਆਨਲਾਈਨ ਪੋਰਟਲ 'ਤੇ ਬੁਕਿੰਗ ਨਾ ਹੋਣ ਕਰਕੇ ਲੋਕਾਂ ਵਿਚ ਗੈਸ ਸਿਲੰਡਰਾਂ ਨੂੰ ਲੈ ਕੇ ਘਬਰਾਹਟ ਦਿਖਾਈ ਦੇ ਰਹੀ ਹੈ |
ਪੋਰਟਲ 'ਤੇ ਬੁਕਿੰਗ ਦਾ ਦਬਾਅ ਵਧਣ ਕਾਰਨ ਆ ਰਹੀ ਹੈ ਪ੍ਰੇਸ਼ਾਨੀ-ਪ੍ਰਧਾਨ ਮਨਜੀਤ ਸਿੰਘ
ਲੁਧਿਆਣਾ ਐਲ.ਪੀ.ਜੀ. ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਚਨ ਗੈਸ ਏਜੰਸੀ ਦੇ ਮਾਲਕ ਮਨਜੀਤ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੋਰਟਲ 'ਤੇ ਬੁਕਿੰਗ ਦਾ ਦਬਾਅ ਵਧਣ ਕਾਰਨ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੋਰਟਲ ਉਤੇ ਇਕੋ ਸਮੇਂ ਜਦ ਵੱਧ ਤੋਂ ਵੱਧ ਲੋਕਾਂ ਵਲੋਂ ਆਨ-ਲਾਈਨ ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੋਰਟਲ ਲੋਡ ਚੁੱਕਣ ਵਿਚ ਅਸਮਰਥ ਹੋ ਜਾਂਦਾ ਹੈ, ਜਿਸ ਕਰਕੇ ਉਪਭੋਗਤਾ ਨੂੰ ਪ੍ਰੇਸ਼ਾਨੀ ਤਾਂ ਆਉਂਦੀ ਹੀ ਹੈ ਅਤੇ ਲੋਕਾਂ ਵਲੋਂ ਵਧਾ ਚੜ੍ਹਾ ਕੇ ਇਸਨੂੰ ਦਰਸਾਇਆ ਜਾਂਦਾ ਹੈ, ਜਿਸ ਕਾਰਨ ਲੋਕ ਮਨਾਂ ਵਿਚ ਘਬਰਾਹਟ ਪੈਦਾ ਹੋ ਰਹੀ ਹੈ, ਜਦ ਕਿ ਗੈਸ ਸਪਲਾਈ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਨਾ ਹੀ ਅਜਿਹਾ ਕੁੱਝ ਦੇਖਣ ਨੂੰ ਮਿਲੇਗਾ |
ਹੋਟਲ ਕਾਰੋਬਾਰੀਆਂ ਨੂੰ ਆਉਣ ਲੱਗੀ ਕਮਰਸ਼ੀਅਲ ਸਿਲੰਡਰ ਦੀ ਦਿੱਕਤ-ਪ੍ਰਧਾਨ ਅਮਰਵੀਰ ਸਿੰਘ
ਹੋਟਲ ਅਤੇ ਰੈਸਟੋਰੈਂਟ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਕਮਰਸ਼ੀਅਲ ਸਿਲੰਡਰ ਦੀ ਆ ਰਹੀ ਦਿੱਕਤ ਸਬੰਧੀ ਗੱਲ ਕਰਦਿਆਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਭਾਵੇਂ ਇਹ ਰੌਲਾ ਪੈ ਰਿਹਾ ਸੀ ਕਿ ਖਾੜੀ ਦੇਸ਼ਾਂ 'ਚ ਲੱਗੇ ਯੁੱਧ ਨਾਲ ਗੈਸ ਅਤੇ ਤੇਲ ਦੀ ਕਿੱਲਤ ਆ ਸਕਦੀ ਹੈ, ਜੋ ਕਿ ਹਕੀਕਤ ਵਿਚ ਬਦਲਦੀ ਦਿਖਾਈ ਦੇ ਰਹੀ ਹੈ | ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜਿਸ ਤਰ੍ਹਾਂ ਅੱਜ ਕਮਰਸ਼ੀਅਲ ਸਿਲੰਡਰ ਲੈਣ ਲਈ ਭਾਰੀ ਜੱਦੋਜਹਿਦ ਕਰਨੀ ਪਈ, ਜੇਕਰ ਇਹੀ ਹਾਲਾਤ ਰਹੇ ਤਾਂ ਇਹ ਭਾਰੀ ਪ੍ਰੇਸ਼ਾਨੀ ਦਾ ਖ਼ਤਰਾ ਮੰਡਰਾ ਰਿਹਾ ਹੈ, ਜੋ ਕਿ ਕਾਰੋਬਾਰ 'ਤੇ ਮਾੜਾ ਅਸਰ ਪਾਵੇਗਾ |
ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਯੁੱਧ ਦਾ ਅਸਰ-ਖ਼ਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਲੈਣ ਲਈ ਕਰਨਾ ਪੈ ਰਿਹੈ ਭਾਰੀ ਸਮੱਸਿਆਵਾਂ ਦਾ ਸਾਹਮਣਾ <br/>
ਅਜੀਤ ਡੈਸਕ
13-03-2026