ਲੁਧਿਆਣਾ, 12 ਮਾਰਚ (ਡਾ. ਤਰਲੋਚਨ ਸਿੰਘ)-ਦੀਦਾਰ ਡਾਇਗਨੌਸਟਿਕ ਸੈਂਟਰ ਅਤੇ ਸੁਰੇਂਦਰ ਪਲਸ ਡਾਇਗਨੌਸਟਿਕ ਸੈਂਟਰ ਵਲੋਂ ਡਾ. ਨਰਜੀਤ ਕੌਰ ਦੀ ਅਗਵਾਈ ਹੇਠ 'ਅੰਤਰਰਾਸ਼ਟਰੀ ਮਹਿਲਾ ਦਿਵਸ' ਅਤੇ 'ਅੰਤਰਰਾਸ਼ਟਰੀ ਆਸੋਮਨੇਸ ਦਿਵਸ' ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਡਾ. ਨਰਜੀਤ ਕੌਰ ਦੇ ਨਾਲ ਦੋਵਾਂ ਕੇਂਦਰਾਂ ਦੀਆਂ ਮਹਿਲਾ ਡਾਕਟਰਾਂ ਅਤੇ ਸਟਾਫ ਨੇ ਹਿੱਸਾ ਲਿਆ | ਇਹ ਜਸ਼ਨ ਪਵੇਲੀਅਨ ਮਾਲ ਵਿਖੇ ਸ਼ੁਰੂ ਹੋਇਆ, ਜਿੱਥੇ ਸਾਰਿਆਂ ਨੇ ਇਕੱਠੇ ਫਿਲਮ ਦੇਖੀ | ਇਸ ਮੌਕੇ 'ਤੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ ਅਤੇ ਸਟਾਫ ਨੇ ਹਾਸੇ-ਮਜ਼ਾਕ ਨਾਲ ਦਿਨ ਦਾ ਆਨੰਦ ਮਾਣਿਆ | ਇਸ ਮੌਕੇ ਡਾ. ਨਰਜੀਤ ਕੌਰ ਨੇ ਸਮਾਜ ਵਿਚ ਔਰਤਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਸਾਡੀ ਅਦਭੁਤ ਤਾਕਤ ਅਤੇ ਜਨੂੰਨ ਨੂੰ ਸਲਾਮ ਕਰਨ ਦਾ ਦਿਨ ਹੈ, ਜੋ ਅਸੀਂ ਹਰ ਰੋਜ਼ ਆਪਣੇ ਕੰਮ ਅਤੇ ਨਿੱਜੀ ਜੀਵਨ ਵਿੱਚ ਦਿਖਾਉਂਦੇ ਹਾਂ | ਸਾਡਾ ਆਪਸੀ ਬੰਧਨ ਅਤੇ ਇੱਕ ਦੂਜੇ ਲਈ ਸਮਰਥਨ ਹੀ ਸਾਨੂੰ ਸੱਚਮੁੱਚ 'ਸ਼ਾਨਦਾਰ' ਬਣਾਉਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਉਦੇਸ਼ ਸਟਾਫ ਦਾ ਮਨੋਰੰਜਨ ਕਰਨਾ, ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਔਰਤਾਂ ਨੂੰ ਸਮਾਜ ਵਿਚ ਇਕ ਸਨਮਾਨ ਯੋਗ ਸਥਾਨ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ | ਇਸ ਯਾਦਗਾਰੀ ਦਿਵਸ ਨੂੰ ਮਨਾਉਣ ਲਈ ਸਮੂਹ ਸਟਾਫ਼ ਨੇ ਡਾ. ਨਰਜੀਤ ਕੌਰ ਦਾ ਧੰਨਵਾਦ ਕੀਤਾ |