ਸਿਵਲ ਹਸਪਤਾਲ 'ਚ ਸਿਹਤ ਸਹੂਲਤਾਂ ਦੀ ਥਾਂ ਲੋਕ ਖੱਜਲ-ਖ਼ੁਆਰ ਹੋਣ ਲਈ ਮਜਬੂਰ <br/>
ਸਿਵਲ ਹਸਪਤਾਲ ਵਿਚ ਅੱਖਾਂ ਦੀ ਜਾਂਚ ਕਰਵਾਉਣ ਆਇਆ ਵਿਅਕਤੀ ਡਾਕਟਰ ਨਾ ਹੋਣ ਬਾਰੇ ਜਾਣਕਾਰੀ ਦਿੰਦਾ ਹੋਇਆ | ਤਸਵੀਰ-ਸੇਵਕ ਸਿੰਘ
<br/>
ਸਿਵਲ ਹਸਪਤਾਲ ਦੀ ਓ.ਪੀ.ਡੀ 'ਚ ਡਾਕਟਰਾਂ ਦੇ ਕੈਬਿਨਾਂ ਨੂੰ ਲਟਕਦੇ ਜਿੰਦਰੇ | (ਸੱਜੇ) ਸਿਵਲ ਹਸਪਤਾਲ 'ਚ ਇਲਾਜ ਲਈ ਆਏ ਬੱਚੇ ਨੂੰ ਵੀਲ੍ਹਚੇਅਰ ਨਾ ਮਿਲਣ ਕਰਕੇ ਗੋਦੀ ਚੁੱਕ ਬਾਹਰ ਲਿਆਂਦਾ ਹੋਇਆ ਵਿਅਕਤੀ | ਤਸਵੀਰਾਂ-ਸੇਵਕ ਸਿੰਘ
<br/>
13-03-2026
ਲੁਧਿਆਣਾ, 12 ਮਾਰਚ-ਸਮਾਰਟ ਸਿਟੀ ਵਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦਾ ਸਿਵਲ ਹਸਪਤਾਲ ਅਕਸਰ ਕਿਸੇ ਨਾ ਕਿਸੇ ਕਾਰਨਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ | ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਕਾਰਨ ਇਲਾਜ ਕਰਵਾਉਣ ਲਈ ਆਉਣ ਵਾਲੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਸਿਹਤ ਸਹੂਲਤਾਂ ਦੀ ਥਾਂ ਖੱਜਲ ਖ਼ੁਆਰ ਹੋਣ ਲਈ ਮਜਬੂਰ ਹੋ ਰਹੇ ਹਨ | ਬਜ਼ੁਰਗਾਂ ਨੂੰ ਦਵਾਈਆਂ ਹੋਣ ਦੇ ਬਾਵਜੂਦ ਖ਼ਾਲੀ ਹੱਥ ਤੋਰਿਆ ਜਾ ਰਿਹਾ ਹੈ | ਜਦੋਂ ਇਸ ਪੱਤਰਕਾਰ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਓ.ਪੀ.ਡੀ ਵਿਭਾਗ ਵਿਚ ਜ਼ਿਆਦਾਤਰ ਡਾਕਟਰਾਂ ਦੇ ਕੈਬਿਨਾਂ ਨੂੰ ਜਿੰਦਰੇ ਲੱਗੇ ਹੋਏ ਸਨ | ਓ.ਪੀ.ਡੀ. ਵਿਭਾਗ ਦੇ ਬਾਹਰ ਮਰੀਜ਼ਾਂ ਦੀ ਸਹਾਇਤਾ ਲਈ ਬਣੇ ਕਾਊਾਟਰ ਤੇ ਵੀ ਕੋਈ ਮੁਲਾਜ਼ਮ ਦਿਖਾਈ ਨਹੀਂ ਦਿੱਤਾ | ਮਰੀਜ਼ ਦਵਾਈਆਂ ਲੈਣ ਲਈ ਇੱਧਰ-ਉਧਰ ਭਟਕਦੇ ਦਿਖਾਈ ਦਿੱਤੇ | ਸਿਵਲ ਹਸਪਤਾਲ ਦੇ ਓ.ਪੀ.ਡੀ. ਵਿਭਾਗ ਦੇ ਬਾਹਰ ਮਰੀਜ਼ਾਂ ਲਈ ਰੱਖੀਆਂ ਵੀਲ੍ਹਚੇਅਰਾਂ ਵੀ ਗ਼ਾਇਬ ਦਿਖਾਈ ਦਿੱਤੀਆਂ | ਸਿਵਲ ਹਸਪਤਾਲ 'ਚ ਆਪਣੇ ਹੀਮੋਫੀਲੀਆ ਪੀੜਤ ਬੱਚੇ ਦਾ ਇਲਾਜ ਕਰਵਾਉਣ ਲਈ ਆਈ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਤਾਜਪੁਰ ਰੋਡ ਤੋਂ ਬੱਚੇ ਨੂੰ ਟੀਕਾ ਲਗਵਾਉਣ ਲਈ ਆਈ ਸੀ, ਪਰ ਹਸਪਤਾਲ ਵਿਚ ਵੀਲ੍ਹਚੇਅਰ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਸ ਦੱਸਿਆ ਕਿ ਉਸਨੇ ਕਿਸੇ ਵਿਅਕਤੀ ਦੀ ਮਦਦ ਨਾਲ ਆਪਣੇ ਬੱਚੇ ਨੂੰ ਹਸਪਤਾਲ ਤੋਂ ਬਾਹਰ ਲਿਆਂਦਾ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ਕਾਰਨ ਉਸ ਨੰੂ ਬੱਚੇ ਨੂੰ ਬਾਹਰ ਲਿਆਉਣ ਲਈ ਖੱਜਲ ਖ਼ੁਆਰ ਹੋਣਾ ਪਿਆ | ਇਸੇ ਤਰ੍ਹਾਂ ਆਪਣੇ ਭਰਾ ਅਮਰਜੀਤ ਦੇ ਅੱਖਾਂ ਦਾ ਇਲਾਜ ਕਰਵਾਉਣ ਲਈ ਆਈ ਉਸਦੀ ਭੈਣ ਆਰ.ਸੀ ਵਰਮਾ ਨੇ ਦੱਸਿਆ ਕਿ ਉਹ ਢੋਲੇਵਾਲ ਰਹਿੰਦੇ ਹਨ ਅਤੇ ਭਰਾ ਦੀਆਂ ਅੱਖਾਂ ਦੇ ਇਲਾਜ ਲਈ ਪਿਛਲੇ ਮਹੀਨੇ 25 ਫਰਵਰੀ ਤੋਂ ਲਗਾਤਾਰ ਹਸਪਤਾਲ ਦੇ ਗੇੜੇ ਮਾਰ ਰਹੇ ਹਨ | ਜਦੋਂ ਵੀ ਉਹ ਹਸਪਤਾਲ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਖਾਂ ਵਾਲਾ ਡਾਕਟਰ ਬਾਹਰ ਗਿਆ ਹੋਇਆ ਹੈ | ਆਰਸੀ ਵਰਮਾ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਲਗਾਤਾਰ ਖੱਜਲ ਖ਼ੁਆਰ ਹੋਣ ਦੇ ਨਾਲ ਨਾਲ ਜਿੱਥੇ ਉਨ੍ਹਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਉਥੇ ਹੀ ਦੋਵੇਂ ਭੈਣ ਭਰਾ ਹਸਪਤਾਲ ਦੇ ਗੇੜੇ ਮਾਰ ਮਾਰ ਬੇਵੱਸ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ ਤਾਂ ਲੋਕ ਇਲਾਜ ਲਈ ਕਿੱਥੇ ਜਾਣ | ਇਸੇ ਤਰ੍ਹਾਂ ਅਕਸਰ ਹੀ ਡਾਕਟਰਾਂ ਦੇ ਹਸਪਤਾਲ ਵਿਚ ਹਾਜ਼ਰ ਨਾ ਹੋਂਦ ਕਾਰਨ ਲੋਕਾਂ ਨੂੰ ਬਗੈਰ ਚੈੱਕਅਪ ਕਰਵਾਏ ਨਿਰਾਸ਼ ਹੀ ਘਰਾਂ ਨੂੰ ਪਰਤਣਾ ਪੈਂਦਾ ਹੈ, ਇਸ ਨਾਲ ਜਿੱਥੇ ਮਰੀਜ਼ਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉਥੇ ਹੀ ਉਨ੍ਹਾਂ ਪੱਲੇ ਖੱਜਲ ਖ਼ੁਆਰੀ ਤੋਂ ਕੁੱਝ ਨਹੀਂ ਪੈਂਦਾ |
ਕੀ ਕਹਿਣਾ ਹੈ ਐਸ.ਐਮ.ਓ. ਡਾ: ਅਖਿਲ ਸਰੀਨ ਦਾ
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਅਖਿਲ ਸਰੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਹਸਪਤਾਲ ਵਿਚ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਫਿਰ ਵੀ ਜੇਕਰ ਕਿਸੇ ਮਰੀਜ਼ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਮਿਲ ਸਕਦਾ ਹੈ, ਜਿਸਦਾ ਤੁਰੰਤ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਵੀਲ੍ਹਚੇਅਰਾਂ ਦੀ ਕੋਈ ਕਮੀ ਨਹੀਂ ਹੈ |