ਲੁਧਿਆਣਾ, 28 ਮਾਰਚ (ਜਤਿੰਦਰ ਭੰਬੀ)-ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਹਜ਼ਾਰਾਂ ਇੰਜੀਨੀਅਰਾਂ ਅਤੇ ਪੈਨਸ਼ਨਰਾਂ ਨੇ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ, ਜਿਸ ਵਿਚ ਪੰਜਾਬ ਪਾਵਰ ਸੈਕਟਰ ਦੀਆਂ ਜ਼ਮੀਨਾਂ ਵੇਚਣ, ਸਟੇਟ ਸੈਕਟਰ ਅਧੀਨ 800 ਮੈਗਾਵਾਟ ਸਮਰੱਥਾ ਦੇ 2 ਨੰਬਰ ਅਤਿਆਧੁਨਿਕ ਤਕਨੀਕ ਦੇ ਰੋਪੜ ਵਿਖੇ ਥਰਮਲ ਯੂਨਿਟ ਲਗਾਉਣ ਅਤੇ ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ ਦੀ ਮੰਗ ਕੀਤੀ ਗਈ | ਰੋਸ ਧਰਨੇ ਨੂੰ ਪ੍ਰਮੁੱਖ ਆਗੂਆਂ ਇੰਜ: ਅਜੈਪਾਲ ਸਿੰਘ ਅਟਵਾਲ, ਇੰਜ: ਜਸਵੀਰ ਸਿੰਘ ਧੀਮਾਨ, ਇੰਜ: ਦਵਿੰਦਰ ਸਿੰਘ, ਇੰਜ: ਅਮਨਦੀਪ ਜੇਹਲਵੀ, ਕੁਲਦੀਪ ਸਿੰਘ ਉਦੋਕੇ, ਅਵਤਾਰ ਸਿੰਘ ਕੈਂਥ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਖੰਨਾ ਅਤੇ ਅਮਿਤ ਕੁਮਾਰ ਨੇ ਵੀ ਸੰਬੋਧਨ ਕੀਤਾ | ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਪਾਵਰਕਾਮ ਦੀਆਂ ਕੀਮਤੀ ਜ਼ਮੀਨਾਂ ਨੂੰ ਵਿਸ਼ੇਸ਼ ਸਰਕਾਰੀ ਸਕੀਮ ਅਧੀਨ ਲਿਆ ਕੇ ਵਿੱਕਰੀ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਕਿ ਗਲਤ ਫ਼ੈਸਲਾ ਹੈ, ਜਿਸ ਦਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ | ਆਗੂਆਂ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਬਿਜਲੀ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਇਨ੍ਹਾਂ ਜ਼ਮੀਨਾਂ ਦੀ ਵਰਤੋਂ ਹੁਣ ਨਵੇਂ-ਸਟੇਸ਼ਨ ਅਤੇ ਉਸ ਨਾਲ ਜੁੜੇ ਇਨਫਰਾਸਟਰਕਚਰ ਨੂੰ ਉਸਾਰਨ, ਆਧੁਨਿਕ ਦਫ਼ਤਰਾਂ ਅਤੇ ਸਟੋਰ ਆਦਿ ਦੀ ਸਥਾਪਨਾ ਲਈ ਹੋਣੀ ਹੈ, ਤਾਂ ਜੋ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣ | ਇੰਜ: ਪਦਮਜੀਤ ਸਿੰਘ ਮੁੱਖ ਸਰਪ੍ਰਸਤ, ਇੰਜ: ਜਸਵੀਰ ਸਿੰਘ ਧੀਮਾਨ ਪ੍ਰਧਾਨ ਇੰਜ: ਐਸੋਸੀਏਸ਼ਨ, ਪਰਮਜੀਤ ਸਿੰਘ ਖੱਟੜਾ ਪ੍ਰਧਾਨ ਜੇ.ਈਜ਼. ਕੌਂਸਲ, ਇੰਜ: ਦਵਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਜੇ.ਈਜ਼ ਕੌਂਸਲ, ਦਲਵੀਰ ਸਿੰਘ ਜੌਹਰ, ਗੁਰਵਿੰਦਰ ਸਿੰਘ ਗੁਰੂ, ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ | ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਗੈਰ-ਸੰਜੀਦਾ ਰਵੱਈਏ ਦਾ ਸਖ਼ਤ ਨੋਟਿਸ ਲੈਂਦਿਆਂ ਤਾੜਨਾ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਸਬੰਧਿਤ ਬਿਜਲੀ ਮੰਤਰੀ ਅਤੇ ਪਾਵਰਕਾਮ ਦੇ ਅੜੀਅਲ ਰਵੱਈਏ ਕਾਰਨ ਸਮੁੱਚੇ ਮੁਲਾਜ਼ਮਾਂ ਅਤੇ ਇੰਜੀਨੀਅਰਜ਼ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ ਅਤੇ ਭਵਿੱਖ ਵਿਚ ਇਨ੍ਹਾਂ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ |