ਲੁਧਿਆਣਾ, 28 ਮਾਰਚ (ਡਾ. ਤਰਲੋਚਨ ਸਿੰਘ)-ਫੂਡ ਸੇਫਟੀ ਟੀਮ, ਲੁਧਿਆਣਾ ਵਲੋਂ ਜ਼ਿਲ੍ਹਾ ਸਿਹਤ ਅਧਿਕਾਰੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਫਾਸਟ ਫੂਡ ਆਉਟਲੈੱਟਸ ਅਤੇ ਰੈਸਟੋਰੈਂਟਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਮ ਵੱਲੋਂ ਮਾਡਲ ਟਾਊਨ, ਸ਼ਾਸਤਰੀ ਨਗਰ, ਇਸ਼ਮੀਤ ਚੌਂਕ ਅਤੇ ਟਿਊਸ਼ਨ ਮਾਰਕੀਟ ਇਲਾਕਿਆਂ ਵਿਚ ਕਈ ਫੂਡ ਆਉਟਲੈੱਟਸ ਦੀ ਜਾਂਚ ਕੀਤੀ ਗਈ | ਇਹ ਮੁਹਿੰਮ ਰੁਟੀਨ ਸਰਵੇਲੈਂਸ ਦਾ ਹਿੱਸਾ ਹੈ ਜਿਸਦਾ ਮਕਸਦ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣਾ ਹੈ | ਜਾਂਚ ਦੌਰਾਨ ਟੀਮ ਵੱਲੋਂ ਪਿਜ਼ਾ ਸੌਸ, ਕ੍ਰੀਮ, ਵਰਤਿਆ ਹੋਇਆ ਕੂਕਿੰਗ ਆਇਲ, ਵੇਜ ਬੁਲੇਟਸ ਅਤੇ ਗ੍ਰੇਵੀ ਦੇ ਸੈਂਪਲ ਇਕੱਠੇ ਕੀਤੇ ਗਏ | ਇਹ ਪਦਾਰਥ ਫਾਸਟ ਫੂਡ ਤਿਆਰ ਕਰਨ ਵਿਚ ਵੱਧ ਵਰਤੇ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਜਾਂਚ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ | ਡਾ. ਚਾਵਲਾ ਨੇ ਦੱਸਿਆ ਕਿ ਸਾਰੇ ਸੈਂਪਲ ਠੀਕ ਤਰੀਕੇ ਨਾਲ ਸੀਲ ਕਰਕੇ ਪ੍ਰਮਾਣਿਤ ਲੈਬੋਰਟਰੀ ਵਿਚ ਜਾਂਚ ਲਈ ਭੇਜੇ ਗਏ ਹਨ | ਉਨ੍ਹਾਂ ਕਿਹਾ ਕਿ ਲੈਬ ਰਿਪੋਰਟਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਫੂਡ ਸੇਫਟੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿਚ ਸਫ਼ਾਈ ਦੇ ਮਿਆਰ, ਸੁਰੱਖਿਅਤ ਸਮੱਗਰੀ ਦੀ ਵਰਤੋਂ ਅਤੇ ਖਾਦ ਪਦਾਰਥਾਂ ਦੀ ਸਹੀ ਸੰਭਾਲ ਸ਼ਾਮਲ ਹੈ | ਖਾਸ ਤੌਰ 'ਤੇ ਵਰਤੇ ਹੋਏ ਤੇਲ ਦੀ ਵਾਰ-ਵਾਰ ਵਰਤੋਂ ਤੋਂ ਬਚਣ ਲਈ ਵੀ ਉਨ੍ਹਾਂ ਨੇ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਬਾਰੇ ਸੁਚੇਤ ਰਹਿਣ ਅਤੇ ਕਿਸੇ ਵੀ ਗੜਬੜ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਦੇਣ | ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਜਨ ਸਿਹਤ ਦੀ ਸੁਰੱਖਿਆ ਲਈ ਅਜਿਹੀਆਂ ਕਾਰਵਾਈਆਂ ਅਗੇ ਵੀ ਜਾਰੀ ਰਹਿਣਗੀਆਂ |