ਲੁਧਿਆਣਾ, 5 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਲੋਕ ਸਭਿਆਚਾਰਕ ਮੰਚ ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਪੰਜਾਬੀ ਭਵਨ, ਲੁਧਿਆਣਾ ਵਿਖੇ ਇਸ ਵਾਰ ਦਾ ਰਾਤ ਭਰ ਚੱਲਣ ਵਾਲਾ 43 ਵਾਂ ਨਾਟਕ ਤੇ ਗੀਤ ਸੰਗੀਤ ਮੇਲਾ ਸਾਮਰਾਜੀ ਜੰਗ ਵਿਰੋਧੀ, ਸੰਸਾਰ ਵਿਆਪੀ ਲੋਕ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬੀ ਭਵਨ 'ਚ ਸ਼ਾਮ 6.30 ਵਜੇ ਦੂਨੀਆਂ ਦੇ ਕਿਰਤੀ ਲੋਕਾਂ ਦੀ ਡੂੰਘੀ ਨਫ਼ਰਤ ਦੇ ਪਾਤਰ, ਇਰਾਨ ਦੇ ਤੇਲ ਤੇ ਕਬਜ਼ਾ ਕਰਨ ਲਈ ਠੋਸੀ ਨਿਹੱਕੀ ਜੰਗ ਦੇ ਜਿੰਮੇਵਾਰ ਅਮਰੀਕਾ ਅਤੇ ਇਜ਼ਰਾਈਲ ਖਿਲਾਫ ਰੋਸ ਮਾਰਚ ਕੀਤਾ ਜਾਵੇਗਾ | ਇਸ ਰੋਸ ਮਾਰਚ ਰਾਹੀਂ ਇਜ਼ਰਾਈਲੀ ਸੰਸਦ ਵਲੋਂ ਗਾਜ਼ਾ ਦੇ ਗਿ੍ਫਤਾਰ ਕੈਦੀਆਂ ਨੂੰ ਮੌਤ ਦੀ ਸਜ਼ਾ ਦਾ ਵਹਿਸ਼ੀ ਅਤੇ ਖਤਰਨਾਕ ਕਾਨੂੰਨ ਪਾਸ ਕਰਨ ਖਿਲਾਫ ਵੀ ਆਵਾਜ਼ ਉਠਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਵਾਰ ਨਾਟਕ ਮੇਲੇ 'ਚ 6 ਬੇਹਤਰੀਨ ਨਾਟਕ ਖੇਡੇ ਜਾਣਗੇ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਹੋਵੇਗਾ | ਇਸ ਮੌਕੇ ਤਿੰਨ ਸਾਹਿਤਕ ਅਤੇ ਰੰਗਮੰਚ ਸਖਸ਼ੀਅਤਾਂ ਨੂੰ ਪਲਸ ਮੰਚ ਵਲੋਂ ਸਨਮਾਨਤ ਕੀਤਾ ਜਾਵੇਗਾ | ਇਸ ਰਾਤ ਪੰਜਾਬੀ ਭਵਨ ਦੇ ਵਿਸ਼ਾਲ ਪਾਰਕ 'ਚ ਦਰਜਨਾਂ ਪੁਸਤਕ ਸਟਾਲਾਂ ਤੇ ਅਗਾਂਹਵਧੂ ਸਾਹਿਤ ਦਾ ਪ੍ਰਦਰਸ਼ਨ ਹੋਵੇਗਾ | ਮੀਟਿੰਗ 'ਚ ਮੰਚ ਦੇ ਵਿੱਤ ਸਕੱਤਰ ਕਸਤੂਰੀ ਲਾਲ, ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ, ਜਸਵਿੰਦਰ ਪੱਪੀ ਆਦਿ ਵੀ ਹਾਜ਼ਰ ਸਨ |