ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜਲੰਧਰ ਬਾਈਪਾਸ ਨੇੜੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਦੇਰ ਸ਼ਾਮ ਤੱਕ ਸ਼ਨਾਖਤ ਨਹੀਂ ਕੀਤੀ ਗਈ ਸੀ | ਮਿ੍ਤਕ ਮੋਟਰਸਾਈਕਲ 'ਤੇ ਪੁਲ 'ਤੇ ਜਾ ਰਿਹਾ ਸੀ ਕਿ ਅਚਾਨਕ ਉਹ ਮੋਟਰਸਾਈਕਲ ਦਾ ਸੰਤੁਲਨ ਗਵਾ ਬੈਠਾ ਅਤੇ ਪੁਲ 'ਤੇ ਲੱਗੀ ਰੇਲਿੰਗ ਵਿਚ ਜਾ ਵੱਜਾ | ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਉਹ ਪੁਲ ਤੋਂ ਹੇਠਾਂ ਡਿਗ ਪਿਆ, ਜਿਸ ਦੇ ਸਿੱਟੇ ਵਜੋਂ ਉਹ ਮੌਕੇ 'ਤੇ ਹੀ ਦਮ ਤੋੜ ਗਿਆ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਿ੍ਤਕ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |