ਫੁੱਲਾਂਵਾਲ, 18 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਕਲਾਂ ਨੇ ਹਾਲ ਹੀ ਵਿਚ ਹੋਈਆਂ ਸੀ.ਬੀ.ਐਸ.ਈ. ਬੋਰਡ ਦੀਆਂ ਪਰੀਖਿਆਵਾਂ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਪਵਨੀਤ ਕੌਰ ਗਰੇਵਾਲ ਨੇ 96.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ, ਗੁਰਨੀਤ ਕੌਰ ਗਰੇਵਾਲ ਨੇ 94.6 ਪ੍ਰਤੀਸ਼ਤ ਨਾਲ ਦੂਜਾ, ਤਾਰੇਸ਼ ਲਹਿਰ 93.2 ਪ੍ਰਤੀਸ਼ਤ ਨਾਲ ਤੀਜਾ, ਭੂਵਿਕਾ ਨੇ 93 ਪ੍ਰਤੀਸ਼ਤ ਨਾਲ ਚੌਥਾ ਅਤੇ ਯਸ਼ਿਕਾ ਨੇ 89.4 ਪ੍ਰਤੀਸ਼ਤ ਨਾਲ ਪੰਜਵਾਂ ਸਥਾਨ ਹਾਸਲ ਕਰਦੇ ਹੋਏ ਟਾਪਰਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ | ਕੁੱਲ ਨਤੀਜੇ ਵਿਚ ਉੱਚ ਅਕਾਦਮਿਕ ਮਿਆਰ ਦੀ ਝਲਕ ਮਿਲਦੀ ਹੈ, ਜਿਸ ਵਿਚ 22 ਪ੍ਰਤੀਸ਼ਤ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ, 42 ਪ੍ਰਤੀਸ਼ਤ ਨੇ 80 ਪ੍ਰਤੀਸ਼ਤ ਤੋਂ ਵੱਧ, 26 ਪ੍ਰਤੀਸ਼ਤ ਨੇ 70 ਪ੍ਰਤੀਸ਼ਤ ਤੋਂ ਵੱਧ ਅਤੇ 10 ਪ੍ਰਤੀਸ਼ਤ ਵਿਦਿਆਰਥੀਆਂ ਨੇ 65 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਕ ਵਿਦਿਆਰਥੀ ਨੇ ਇਨਫਰਮੇਸ਼ਨ ਟੈਕਨੌਲੋਜੀ ਵਿਚ ਪੂਰੇ 100 ਅੰਕ ਹਾਸਲ ਕੀਤੇ, ਜਦਕਿ ਦੋ ਵਿਦਿਆਰਥੀਆਂ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ 99 ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਸ਼੍ਰੀਮਤੀ ਕਿ੍ਤਿਕਾ ਸੇਠ ਅਤੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀਆਂ ਉਪਲਬਧੀਆਂ 'ਤੇ ਬਹੁਤ ਖ਼ੁਸ਼ੀ ਅਤੇ ਮਾਣ ਪ੍ਰਗਟਾਇਆ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦੀ ਭਰਪੂਰ ਸਰਾਹਨਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ |