ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਜੁੜੀਆਂ ਸੰਗਤਾਂ ਸਨਮੁੱਖ ਸ਼੍ਰੋਮਣੀ ਭਗਤ ਧੰਨਾ ਜੀ ਨਾਲ ਸੰਬੰਧਿਤ ਇਤਿਹਾਸਕ ਸਰੋਤਾਂ ਦੇ ਹਵਾਲਿਆਂ ਰਾਹੀਂ ਉਨ੍ਹਾਂ ਦੇ ਜੀਵਨ ਅਤੇ ਬਾਣੀ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਭਗਤ ਧੰਨਾ ਜੀ ਸਮੁੱਚੀ ਲੋਕਾਈ ਲਈ ਪ੍ਰੇਮ ਅਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਆਏ ਸਨ | ਆਪ ਜੀ ਦੀ ਬਾਣੀ ਦੇ ਸ਼ਬਦ ਆਨੰਦਮਈ ਸੁਹਜਤਾ ਦਾ ਅਲੌਕਿਕ ਅਤੇ ਰੂਹਾਨੀ ਪ੍ਰਕਾਸ਼ ਦਾ ਆਨੰਦ ਭਰਪੂਰ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ | ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਸੰਤਾਂ-ਭਗਤਾਂ ਅਤੇ ਬ੍ਰਹਮ ਗਿਆਨੀਆਂ ਦੀ ਮਲਕੀਅਤ ਪ੍ਰੇਮ ਭਗਤੀ, ਸਤ-ਸੰਤੋਖ, ਗਿਆਨ ਅਤੇ ਸਹਜਤਾ ਹੁੰਦੀ ਹੈ | ਅਕਾਲ ਪੁਰਖ ਦੇ ਪਰਮ ਭਗਤ ਧੰਨਾ ਜੀ ਇਹਨਾਂ ਸਾਰੇ ਗੁਣਾਂ ਨਾਲ ਮਾਲਾ-ਮਾਲ ਸਨ | ਉਨ੍ਹਾਂ ਦੱਸਿਆ ਕਿ ਭਗਤ ਜੀ ਅੰਦਰ ਆਪ ਜੀ ਦੇ ਸ਼ਬਦਾਂ ਵਿਚ ਮਿਲਾਪ ਦੀ ਗੂੜੀ ਅਭੇਦਤਾ ਅਤੇ ਪਿਆਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ | ਆਪ ਜੀ ਦੁਆਰਾ ਰਚੇ ਸ਼ਬਦਾਂ ਵਿਚ ਅਕਾਲ ਪੁਰਖ ਨਾਲ ਸੱਚੇ ਡੂੰਘੇ ਪਿਆਰ ਅਤੇ ਭੇਤਾ ਦਾ ਬੰਨਣ ਮਿਲਦਾ ਹੈ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |