ਜਗਰਾਉਂ, 4 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਗੀਤਾ ਕਲੋਨੀ ਵਿਖੇ ਪਸ਼ੂਆਂ ਦੀ ਡੇਅਰੀ ਖੋਲ੍ਹਣ ਦੇ ਵਿਰੋਧ 'ਚ ਰਾਜ ਭਾਰਦਵਾਜ ਦੀ ਅਗਵਾਈ 'ਚ ਇਕ ਵਫ਼ਦ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਿਕ ਅਧਿਕਾਰੀ ਮੋਹਿਤ ਸ਼ਰਮਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਵਫ਼ਦ ਵਲੋਂ ਇਕ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਸਾਬਕਾ ਕੌਂਸਲਰ ਸੁਧਾ ਰਾਣੀ ਨੇ ਦੱਸਿਆ ਕਿ ਸ਼ਹਿਰ ਦੀ ਗੀਤਾ ਕਾਲੋਨੀ ਗਲੀ ਨੰਬਰ ਤਿੰਨ 'ਚ ਪਸ਼ੂਆਂ ਦੀ ਡੇਅਰੀ ਖੋਲ੍ਹੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸੰਘਣੀ ਆਬਾਦੀ ਅੰਦਰ ਡੇਅਰੀ ਫਾਰਮ ਖੋਲਿ੍ਹਆ ਨਹੀਂ ਜਾ ਸਕਦਾ ਹੈ | ਇਸ ਨਾਲ ਲਾ-ਇਲਾਜ ਬਿਮਾਰੀਆਂ ਫੈਲਣ ਦਾ ਡਰ ਹਮੇਸ਼ਾਂ ਬਣਿਆ ਰਹੇਗਾ | ਗੋਹੇ ਕਾਰਨ ਸੀਵਰੇਜ ਬਲਾਕੇਜ਼ ਅਤੇ ਕਈ ਹੋਰ ਮਾਰੂ ਦਿੱਕਤਾਂ ਆਉਣਗੀਆਂ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕ ਹਿੱਤਾਂ ਨੂੰ ਦੇਖਦਿਆਂ ਇਸ ਪਸ਼ੂਆਂ ਦੀ ਡੇਅਰੀ ਨੂੰ ਖੁੱਲ੍ਹਣ ਤੋਂ ਰੋਕਿਆ ਜਾਵੇ | ਇਸ ਮੌਕੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਹਿੱਤਾਂ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇਗਾ |