ਲੁਧਿਆਣਾ, 14 ਮਈ (ਭੁਪਿੰਦਰ ਸਿੰਘ ਬੈਂਸ)-ਫੋਕਲ ਪੁਆਇੰਟ ਇਲਾਕੇ ਦੀ ਜਮਾਲਪੁਰ ਕਾਲੋਨੀ ਸਥਿਤ ਇਕ ਨਾਮੀ ਸਕੂਲ ਦੇ ਅਧਿਆਪਕ 'ਤੇ ਸਕੂਲ ਦੇ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ | ਇਸ ਮਾਮਲੇ ਤੋਂ ਬਾਅਦ ਬੱਚੇ ਦੇ ਪਰਿਵਾਰ ਵਲੋਂ ਉਸ ਨੰੂ ਇਲਾਜ ਅਤੇ ਜਾਂਚ ਲਈ ਸ਼ਹਿਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਬੱਚੇ ਦੇ ਪਿਤਾ ਭੀਮ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ 12 ਸਾਲਾ ਬੇਟਾ ਉਕਤ ਸਕੂਲ 'ਚ 7ਵੀਂ ਜਮਾਤ ਦਾ ਵਿਦਿਆਰਥੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 10 ਦਿਨਾਂ ਤੋਂ ਉਨ੍ਹਾਂ ਦਾ ਬੇਟਾ ਸਰੀਰ ਵਿਚ ਦਰਦ ਹੋਣ ਦੀ ਗੱਲ ਕਹਿ ਕੇ ਸਕੂਲ ਜਾਣ ਤੋਂ ਇਨਕਾਰ ਕਰ ਰਿਹਾ ਸੀ | ਇਸ ਤੋਂ ਬਾਅਦ ਉਸ ਨੰੂ ਡਾਕਟਰ ਕੋਲ ਲਿਜਾਇਆ ਗਿਆ | ਉਨ੍ਹਾਂ ਮੁਤਾਬਿਕ ਹਸਪਤਾਲ 'ਚ ਬੱਚੇ ਨੇ ਦੱਸਿਆ ਕਿ ਸਕੂਲ 'ਚ ਸੰਸਕ੍ਰਿਤ ਪੜ੍ਹਾਉਣ ਵਾਲੇ ਇਕ ਅਧਿਆਪਕ ਵਲੋਂ ਕਥਿਤ ਤੌਰ 'ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ, ਜਿਸ ਕਾਰਨ ਉਹ ਡਰ ਦੇ ਮਾਰੇ ਸਕੂਲ ਨਹੀਂ ਜਾ ਰਿਹਾ ਸੀ | ਭੀਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਦੋਂ ਉਨ੍ਹਾਂ ਨੇ ਸਕੂਲ ਦੇ ਪਿ੍ੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਕੂਲ ਪ੍ਰਬੰਧਨ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕਰਕੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ | ਪਰਿਵਾਰ ਵਲੋਂ ਹਾਲੇ ਤੱਕ ਪੁਲਿਸ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ ਹੈ | ਜਦ ਇਸ ਮਾਮਲੇ ਸੰਬੰਧੀ ਸਕੂਲ ਦੇ ਪਿ੍ੰਸੀਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |