ਲੁਧਿਆਣਾ, 21 ਮਈ (ਭੁਪਿੰਦਰ ਸਿੰਘ ਬੈਂਸ)-ਹੈਬੋਵਾਲ ਡੇਅਰੀ ਕੰਪਲੈਕਸ 'ਚੋਂ ਗੋਹੇ ਦੀ ਚੁਕਾਈ ਨੰੂ ਸੁਚਾਰੂ ਬਣਾਉਣ ਅਤੇ ਡੇਅਰੀਆਂ ਦੇ ਗੰਦੇ ਪਾਣੀ ਨੰੂ ਟ੍ਰੀਟ ਕਰਨ ਲਈ ਲਗਾਏ ਗਏ ਐਫਲੂਐਂਟ ਟਰੀਟਮੈਂਟ ਪਲਾਂਟ ਦੇ ਸਹੀ ਕੰਮਕਾਜ ਨੰੂ ਯਕੀਨੀ ਬਣਾਉਣ ਦੇ ਮਕਸਦ ਨਾਲ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਨੇ ਵੀਰਵਾਰ ਨੰੂ ਨਿਗਮ ਦੇ ਜ਼ੋਨ ਡੀ ਵਿਖੇ ਡੇਅਰੀ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਡੇਅਰੀ ਮਾਲਕਾਂ ਅਤੇ ਡੇਅਰੀ ਕੰਪਲੈਕਸਾਂ ਤੇ ਗੋਹੇ ਦੀ ਲਿਫਟਿੰਗ ਲਈ ਨਿਯੁਕਤ ਠੇਕੇਦਾਰ ਨੰੂ ਸਖ਼ਤ ਹਿਦਾਇਤਾਂ ਜਾਰੀ ਕਰਦਿਆਂ ਗੋਹੇ ਦੀ ਨਿਯਮਤ ਅਤੇ ਸੁਚਾਰੂ ਚੁਕਾਈ ਯਕੀਨੀ ਬਣਾਉਣ ਲਈ ਕਿਹਾ ਗਿਆ | ਕਮਿਸ਼ਨਰ ਨੇ ਡੇਅਰੀ ਮਾਲਕਾਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਡੇਅਰੀ ਯੂਨਿਟਾਂ ਵਿਚ ਫਲੋ ਮੀਟਰ ਲਗਾਉਣ, ਤਾਂ ਜੋ ਪਾਣੀ ਦੀ ਵਰਤੋ ਅਤੇ ਨਿਕਾਸੀ ਸੰਬੰਧੀ ਡਾਟਾ ਇਕੱਠਾ ਕਰਕੇ ਭਵਿੱਖ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਕੁੱਝ ਯੂਨਿਟਾਂ ਵਿਚ ਵੀ ਇਹ ਮੀਟਰ ਲਗਾਏ ਜਾ ਸਕਦੇ ਹਨ, ਜਿਸ ਨਾਲ ਅਧਿਕਾਰੀਆਂ ਨੰੂ ਸਹੀ ਅੰਕੜੇ ਪ੍ਰਾਪਤ ਹੋਣਗੇ | ਡਾ. ਗੁਪਤਾ ਨੇ ਕਿਹਾ ਕਿ ਨਗਰ ਨਿਗਮ ਵਲੋਂ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਈ.ਟੀ.ਪੀ. ਦੇ ਸਹੀ ਕੰਮਕਾਜ ਅਤੇ ਗੋਹੇ ਦੀ ਸਮੇਂ ਸਿਰ ਚੁਕਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਸੀਨੀਅਰ ਅਧਿਕਾਰੀਆਂ ਨੰੂ ਵੀ ਮੌਕੇ 'ਤੇ ਨਿਗਰਾਨੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਅਮਨਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ |