ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਹੋਜਰੀ ਕੰਪਲੈਕਸ ਵਿਚ ਬੀਤੀ ਰਾਤ ਕਾਰੋਬਾਰੀ ਵਲੋਂ ਦਿਖਾਈ ਗਈ ਦਲੇਰੀ ਸਦਕਾ ਲੁਟੇਰੇ ਆਪਣੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ | ਜਾਣਕਾਰੀ ਅਨੁਸਾਰ ਮੋਹਿਤ ਨਾਮੀ ਕੱਪੜਾ ਕਾਰੋਬਾਰੀ ਬੀਤੀ ਰਾਤ ਜਲੰਧਰ ਤੋਂ ਲੁਧਿਆਣਾ ਵਾਪਸ ਪਰਤਿਆ ਸੀ, ਜਦੋਂ ਉਹ ਘਰ ਦੇ ਬਾਹਰ ਪੁੱਜਾ ਤਾਂ ਚਾਰ ਲੁਟੇਰੇ ਦੋ ਮੋਟਰਸਾਈਕਲਾਂ 'ਤੇ ਸਵਾਰ ਸਨ ਅਤੇ ਉਨ੍ਹਾਂ ਦੇ ਹੱਥ ਵਿਚ ਹਥਿਆਰ ਸਨ | ਕਾਰੋਬਾਰੀ ਨੇ ਦੱਸਿਆ ਕਿ ਜਦੋਂ ਉਹ ਉਸਦੇ ਨੇੜੇ ਆਉਣ ਲੱਗੇ ਤਾਂ ਉਸਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਜਿਹਾ ਦੇਖ ਕੇ ਇਹ ਲੁਟੇਰੇ ਉੱਥੋਂ ਫਰਾਰ ਹੋ ਗਏ | ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ | ਮੋਹਿਤ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਪਰ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਦ ਕਿ ਦੂਜੇ ਪਾਸੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਕਿਹਾ ਜਾ ਰਿਹਾ ਹੈ |