ਡਾਬਾ/ਲੁਹਾਰਾ, 21 ਮਈ (ਕੁਲਵੰਤ ਸਿੰਘ ਸੱਪਲ)-ਡੀ.ਜੀ.ਐਸ.ਜੀ. ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਰਜਨੀ ਐਂਗਰੀਸ਼ ਦੀ ਦੇਖਰੇਖ ਹੇਠ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਸ਼ਬਦ ਗਾਇਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਸਕੂਲਾਂ ਤੋਂ 22 ਟੀਮਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਜੋਤ ਪ੍ਰਚੰਡ ਉਪਰੰਤ ਡੀ.ਜੀ.ਐਸ.ਜੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਪਾਸੋਂ ਸ਼ਬਦ ਗਾਇਨ ਨਾਲ ਹੋਈ | ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਪਣੀ ਕਲਾ ਅਤੇ ਸੰਗੀਤ ਪ੍ਰਤੀ ਰੁਚੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਗੁਰਬਾਣੀ ਦੇ ਰਸਭਰੇ ਕੀਰਤਨ ਨਾਲ ਪੂਰਾ ਵਾਤਾਵਰਨ ਅਧਿਆਤਮਿਕ ਰੰਗ ਵਿਚ ਰੰਗਿਆ ਗਿਆ | ਸ਼ਬਦ ਗਾਇਨ ਸਮਾਗਮ ਦੌਰਾਨ ਟੀਮਾਂ ਨੂੰ ਤਿੰਨ ਸ਼੍ਰੇਣੀਆਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਦੇ ਵਿਚ ਵੰਡਿਆ ਗਿਆ ਅਤੇ ਹਰੇਕ ਸ਼੍ਰੇਣੀ 'ਚੋਂ ਪਹਿਲਾ, ਦੂਜਾ ਤੇ ਤੀਜਾ ਇਨਾਮ ਕੱਢਿਆ ਗਿਆ | ਇਹਨਾਂ ਟੀਮਾਂ ਦਾ ਨਿਰੀਖਣ ਕਰਨ ਦੇ ਲਈ ਮੁੱਖ ਜੱਜ ਵਜੋਂ ਬਲਵੰਤ ਸਿੰਘ ਅਤੇ ਨਰਿੰਦਰ ਕੁਮਾਰ ਦੇ ਨਾਲ ਸਕੂਲ ਦੇ ਪਿ੍ੰਸੀਪਲ ਡਾ. ਰਜਨੀ ਐਂਗਰੀਸ਼ ਅਤੇ ਹੈੱਡਮਿਸਟ੍ਰੈਸ ਹਰਪ੍ਰੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ | ਅੰਤ ਵਿਚ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਡਾ. ਰਜਨੀ ਐਂਗਰੀਸ਼ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਧਾਰਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |