ਲੁਧਿਆਣਾ, 24 ਮਈ (ਜਤਿੰਦਰ ਭੰਬੀ)-ਸੀ. ਐਚ. ਬੀ. ਕਾਮਿਆਂ ਨੂੰ ਮਹਿਕਮੇ 'ਚ ਠੇਕੇ 'ਤੇ ਰੱਖ ਕੇ ਤਨਖ਼ਾਹਾਂ ਵਧਾਉਣ ਦੇ ਹੋਏ ਸਮਝੌਤੇ ਤੋਂ ਬਾਅਦ ਬਿਜਲੀ ਨਿਗਮ ਦੇ ਹੋਰਨਾਂ ਕੱਚੇ ਕਾਮਿਆਂ ਨੇ ਵੀ ਇਸੇ ਤਰਜ਼ 'ਤੇ ਉਨ੍ਹਾਂ ਦੀਆਂ ਸੇਵਾਵਾਂ ਮਹਿਕਮੇ ਅਧੀਨ ਕਰਕੇ ਤਨਖ਼ਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਕਈ ਰੋਜ਼ ਤੋਂ ਕੰਮ ਛੱਡ ਕੇ ਪਟਿਆਲਾ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਹੋਇਆ ਸੀ | ਧਰਨੇ ਦੀ ਅਗਵਾਈ ਕਰ ਰਹੀਆਂ ਜੱਥੇਬੰਦੀਆਂ ਪਾਵਰਕਾਮ ਟਰਾਂਸਕੋ ਆਊਟਸੋਰਸਡ ਵਰਕਰ ਯੂਨੀਅਨ ਏਟਕ, ਸਾਂਝੀ ਥਰਮਲ ਕੰਟਰੈਕਟ ਵਰਕਰ ਸੰਘਰਸ਼ ਕਮੇਟੀ ਤੇ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ, ਜਿਨ੍ਹਾਂ ਨੂੰ ਸਮਰਥਨ ਦੇਣ ਲਈ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਤੇ ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਵੀ ਪੁੱਜੇ ਸਨ | ਧਰਨੇ 'ਚ ਵਧੇ ਜੋਸ਼ ਤੇ ਪੰਜਾਬ ਭਰ 'ਚ ਬਿਜਲੀ ਦਾ ਸਿਸਟਮ ਵਿਗੜਨ ਦੀ ਖਬਰ ਜਿਉਂ ਹੀ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਤੱਕ ਪੁੱਜੀ ਤਾਂ ਉਨ੍ਹਾਂ ਸਾਰੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ | ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਜਾਰੀ ਮੀਟਿੰਗ ਆਫ਼ ਮਿੰਟਿਸ ਤਹਿਤ ਯੋਗਤਾ/ਤਜਰਬੇ/ਅੰਦਰੂਨੀ ਪ੍ਰੀਖਿਆ ਤੋਂ ਬਾਅਦ ਇਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਮਹਿਕਮੇ ਅਧੀਨ ਠੇਕੇ 'ਤੇ ਰੱਖ ਲਿਆ ਜਾਵੇਗਾ | ਇਹ ਪ੍ਰਕਿਰਿਆ 15 ਜੂਨ ਤੱਕ ਮੁਕੰਮਲ ਕੀਤੀ ਜਾਵੇਗੀ | ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸੰਘਰਸ਼ 'ਚ ਕੁੱਦੇ ਸਾਰੇ ਜੇਤੂ ਮੁਲਾਜ਼ਮਾਂ ਨੂੰ ਬਿਜਲੀ ਨਿਗਮ 'ਚ ਲੈਣ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |