ਲੁਧਿਆਣਾ, 2 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਗੈਰ ਕਾਨੰੂਨੀ ਉਸਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਨਗਰ ਨਿਗਮ ਨੇ ਮੰਗਲਵਾਰ ਨੰੂ ਵੱਡੀ ਕਾਰਵਾਈ ਕਰਦਿਆਂ ਇਕ ਗੈਰ ਕਾਨੰੂਨੀ ਕਾਲੋਨੀ ਸਮੇਤ ਪੰਜ ਉਸਾਰੀਆਂ ਨੂੰ ਢਾਹ ਦਿੱਤਾ ਗਿਆ | ਨਿਗਮ ਦੀ ਇਸ ਕਾਰਵਾਈ ਨਾਲ ਗੈਰ ਕਾਨੰੂਨੀ ਨਿਰਮਾਣ ਕਰਨ ਵਾਲਿਆਂ ਵਿਚ ਹੜਕੰਪ ਮੱਚ ਗਿਆ | ਜ਼ੋਨ ਏ ਦਫ਼ਤਰ ਦੀ ਬਿਲਡਿੰਗ ਬ੍ਰਾਂਚ ਵਲੋਂ ਏ.ਟੀ.ਪੀ. ਕਪਿਲ ਕੁਮਾਰ ਦੀ ਅਗਵਾਈ ਹੇਠ ਨਾਨਕ ਨਗਰ ਇਲਾਕੇ ਵਿਚ ਬਣ ਰਹੀ ਇਕ ਗੈਰ ਕਾਨੰੂਨੀ ਕਾਲੋਨੀ ਅਤੇ ਇਕ ਵਪਾਰਕ ਇਮਾਰਤ ਨੰੂ ਢਾਹ ਦਿੱਤਾ ਗਿਆ | ਇਸ ਦੇ ਨਾਲ ਹੀ ਇਲਾਕੇ ਵਿਚ ਬਣੀ ਇਕ ਹੋਰ ਗੈਰ ਕਾਨੰੂਨੀ ਵਪਾਰਕ ਇਮਾਰਤ ਨੰੂ ਸੀਲ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਨਿਗਮ ਟੀਮ ਨੇ ਕਾਕੋਵਾਲ ਰੋਡ ਸਥਿਤ ਹੀਰਾ ਨਗਰ ਵਿਚ ਹਾਈਟੈਂਸ਼ਨ ਬਿਜਲੀ ਤਾਰਾਂ ਹੇਠ ਬਣ ਰਹੀ ਇਕ ਗੈਰ ਕਾਨੰੂਨੀ ਉਦਯੋਗਿਕ ਇਮਾਰਤ ਨੰੂ ਵੀ ਢਾਹ ਦਿੱਤਾ | ਨਿਗਮ ਅਧਿਕਾਰੀਆਂ ਮੁਤਾਬਿਕ ਇਹ ਉਸਾਰੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਸੀ, ਜਿਸ ਕਾਰਨ ਤੁਰੰਤ ਕਾਰਵਾਈ ਕੀਤੀ ਗਈ | ਉਧਰ ਜ਼ੋਨ ਡੀ ਦੀ ਟੀਮ ਨੇ ਏ.ਟੀ.ਪੀ. ਰਾਜ ਕੁਮਾਰ ਅਤੇ ਬਿਲਡਿੰਗ ਇੰਸਪੈਕਟਰ ਕੁਲਜੀਤ ਮਾਂਗਟ ਦੀ ਅਗਵਾਈ ਹੇਠ ਘੁਮਾਰ ਮੰਡੀ ਇਲਾਕੇ ਵਿਚ ਇਕ ਗੈਰ ਕਾਨੰੂਨੀ ਨਿਰਮਾਣ ਨੂੰ ਢਾਹ ਦਿੱਤਾ | ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਖ਼ਿਲਾਫ਼ ਮਈ ਮਹੀਨੇ ਵਿਚ ਵੀ ਕਾਰਵਾਈ ਕੀਤੀ ਗਈ ਸੀ, ਪਰ ਮਾਲਕ ਵਲੋਂ ਮੁੜ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਦੁਬਾਰਾ ਤੋੜਫੋੜ ਕੀਤੀ ਗਈ | ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਗੈਰ ਕਾਨੰੂਨੀ ਉਸਾਰੀਆਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ |