ਲੁਧਿਆਣਾ, 5 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਮੁਲਾਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਨੇ ਦੋਸ਼ ਲਗਾਇਆ ਕਿ ਨਿਗਮ ਵਿਚ ਕੰਮ ਕਰ ਰਹੇ ਓਵਰਏਜ ਸੀਵਰਮੈਨਾਂ ਅਤੇ ਸਫ਼ਾਈ ਕਰਮਚਾਰੀਆਂ ਨੰੂ ਪੱਕਾ ਨਾ ਕਰਨਾ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਦੀ ਨਿਕੰਮੀ ਕਾਰਗੁਜ਼ਾਰੀ ਦਾ ਨਤੀਜਾ ਹੈ | ਰਾਹੁਲ ਡੁਗਲਚ ਨੇ ਕਿਹਾ ਕਿ 10 ਤੋਂ 15 ਸਾਲਾਂ ਤੋ ਨਿਗਮ ਵਿਚ ਸੇਵਾਵਾਂ ਨਿਭਾ ਰਹੇ 900 ਤੋਂ ਵੱਧ ਕਰਮਚਾਰੀਆਂ ਨੰੂ ਸਿਰਫ਼ ਉਮਰ 42 ਸਾਲ ਤੋਂ ਵੱਧ ਹੋਣ ਦਾ ਹਵਾਲਾ ਦੇ ਕੇ ਨਿਯੁਕਤੀ ਪੱਤਰਾਂ ਤੋਂ ਵਾਂਝਾ ਰੱਖਣਾ ਮੁਲਾਜ਼ਮ ਵਿਰੋਧੀ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਨਿਗਮ ਵਿਚ ਕੰਮ ਕਰਦੇ-ਕਰਦੇ ਹੀ ਓਵਰਏਜ ਹੋਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਬਦਲਾਅ ਅਤੇ ਰੰਗਲਾ ਪੰਜਾਬ ਦੇ ਵਾਅਦਿਆਂ ਨਾਲ ਸੱਤਾ ਵਿਚ ਆਈ ਸਰਕਾਰ ਮੁਲਾਜ਼ਮਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ | ਡੁਲਗਚ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਹਰ ਵਿਭਾਗ ਦੇ ਮੁਲਾਜ਼ਮ ਧਰਨੇ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ |