ਲੁਧਿਆਣਾ, 5 ਜੂਨ (ਜਤਿੰਦਰ ਭੰਬੀ)-ਜ਼ਿਲ੍ਹਾ ਕਚਹਿਰੀਆਂ ਲੁਧਿਆਣਾ 'ਚ ਸਥਿਤ ਸੇਵਾ ਕੇਂਦਰ ਦੇ ਗੇਟ ਅੱਗੇ ਜ਼ਿਲੇ੍ਹ ਦੇ ਸਾਰੇ ਸੇਵਾ ਕੇਂਦਰ ਦੇ ਕੰਟਰੈਕਟ ਮੁਲਾਜ਼ਮਾਂ ਵਲੋਂ ਪਿਛਲੇ 10 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਏਟਕ, ਇੰਟਕ, ਸੀਟੂ, ਸੀ.ਟੀ.ਯੂ. ਪੰਜਾਬ, ਐਕਟੂ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਕੁਲ ਹਿੰਦ ਕਿਸਾਨ ਸਭਾ 1946, ਜਮਹੂਰੀ ਕਿਸਾਨ ਸਭਾ, ਬੀ.ਕੇ.ਯੂ. ਏਕਤਾ ਉਗਰਾਹਾਂ, ਜਮਹੂਰੀ ਅਧਿਕਾਰ ਸਭਾ ਅਤੇ ਪਲਸ ਮੰਚ ਦੇ ਆਗੂਆਂ ਨੇ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਆਪਣਾ ਸਮਰਥਨ ਦਿੱਤਾ | ਉਸ ਤੋਂ ਬਾਅਦ ਜ਼ਿਲ੍ਹਾ ਕਚਹਿਰੀ ਦਫ਼ਤਰ ਵਿਖੇ ਮੱੁਖ ਮੰਤਰੀ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕੰਪਨੀ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਜਾਣ ਕਿ ਜਬਰ ਦੀ ਨੀਤੀ ਬੰਦ ਕੀਤੀ ਜਾਵੇ, ਸੇਵਾ ਕੇਂਦਰ ਦੇ ਕੰਟਰੈਕਟ ਮੁਲਾਜ਼ਮਾਂ ਸਮੇਤ ਸਭਨਾਂ ਸਰਕਾਰੀ ਅਦਾਰਿਆਂ ਦੀਆਂ ਨਿਗੂਣੀਆਂ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ, ਕਿਰਤ ਕਾਨੂੰਨਾਂ ਤੋਂ ਵਾਂਝੇ ਠੇਕਾ ਮੁਲਾਜ਼ਮਾਂ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ | ਇਸ ਸਮੇਂ ਐਮ.ਐਸ. ਭਾਟੀਆ, ਜਗਦੀਸ਼ ਚੰਦ, ਜੈ ਪ੍ਰਕਾਸ਼ ਨਰਾਇਣ, ਹਰਜਿੰਦਰ ਸਿੰਘ, ਕਸਤੂਰੀ ਲਾਲ, ਰਘਬੀਰ ਸਿੰਘ ਬੈਨੀਪਾਲ, ਸੌਦਾਗਰ ਸਿੰਘ ਘੁਡਾਣੀ, ਚਮਕੌਰ ਸਿੰਘ ਬਰਮੀ, ਜਸਵੰਤ ਸਿੰਘ ਜੀਰਖ ਅਤੇ ਅਵਤਾਰ ਛਿੱਬੜ ਸ਼ਾਮਿਲ ਸਨ |