ਲੁਧਿਆਣਾ, 8 ਜੂਨ (ਜਤਿੰਦਰ ਭੰਬੀ)-ਪੀ. ਏ. ਯੂ. ਦੇ ਖੇਤੀਬਾੜੀ ਕਾਲਜ ਵਲੋਂ ਐਕਸਪੈਰੀਮੈਂਟਲ ਲਰਨਿੰਗ ਪ੍ਰੋਗਰਾਮ ਤਹਿਤ ਬੀ. ਐੱਸ. ਸੀ. (ਆਨਰਜ਼) ਦੇ ਵਿਦਿਆਰਥੀਆਂ ਲਈ ਹੁਨਰ ਅਤੇ ਕਾਢ ਦੇ ਪ੍ਰਦਰਸ਼ਨ ਵਾਸਤੇ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਸਨ | ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਮੁਹਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਆਪਣੇ ਹੁਨਰ ਨੂੰ ਨਿਖਾਰਨ ਦੀ ਵੀ ਲੋੜ ਹੈ ਤਾਂ ਜੋ ਬਦਲਦੇ ਸਮੇਂ ਅਨੁਸਾਰ ਮੁਕਾਬਲੇ ਦਾ ਹਿੱਸਾ ਬਣਿਆ ਜਾ ਸਕੇ | ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਅÏਲਖ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਈ.ਐਲ.ਪੀ. ਦੇ ਸੰਚਾਲਕਾਂ ਡਾ. ਜਸਪਾਲ ਸਿੰਘ ਅਤੇ ਡਾ. ਪੰਕਜ ਕੁਮਾਰ ਨੇ ਵੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਿਤ ਕੀਤੀਆਂ ਨਵੀਆਂ ਕਾਢਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਜੈਵਿਕ ਉਤਪਾਦ, ਖੁੰਬਾਂ ਤੋਂ ਬਣੇ ਉਤਪਾਦ, ਬੂਟਿਆਂ ਦੀ ਪਨੀਰੀ, ਬੇਕਰੀ ਉਤਪਾਦ ਅਤੇ ਹੋਰ ਕਈ ਤਰ੍ਹਾਂ ਦੇ ਖੇਤੀ ਆਧਾਰਿਤ ਨਿਰਮਾਣ ਪ੍ਰਦਰਸ਼ਿਤ ਕੀਤੇ ਗਏ ਸਨ | ਇਸ ਦੌਰਾਨ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਯੂਨਿਟ ਨੂੰ ਪਹਿਲਾ, ਐਪੀਕਲਚਰ ਨੂੰ ਦੂਸਰਾ ਅਤੇ ਪਲਾਂਟ ਬਰੀਡਿੰਗ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਯੂਨਿਟਾਂ ਨੂੰ ਤੀਸਰਾ ਸਥਾਨ ਹਾਸਲ ਹੋਇਆ |