ਭਾਮੀਆ ਕਲਾਂ/ਲੁਧਿਆਣਾ, 21 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ‘ਚ ਇਕ ਚੋਰੀ ਜੰ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਨਿੰਦਰਜੀਤ ਸਿੰਘ ਬੈਨੀਪਾਲ ਮੈਂਬਰ ਪੀ. ਏ. ਸੀ., ਜੋ ਪੇਸ਼ੇ ਵਜੋਂ ਇਕ ਕਿਸਾਨ ਹਨ, ਨੇ ਦੱਸਿਆ ਕਿ ਸਾਡੇ ਖੇਤ ‘ਚੋਂ ਵੀ ਚੋਰ ਟਰਾਂਸਫ਼ਾਰਮਰ ‘ਚੋਂ ਐਲਮੀਨੀਅਮ, ਕਾਪਰ, ਤੇਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ, ਜਿਸ ਕਰਕੇ ਸਾਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਪਿੰਡਾਂ ਵਿਚ ਬਿਜਲੀ ਟਰਾਂਸਫ਼ਾਰਮਰਾਂ, ਖੇਤੀਬਾੜੀ ਮੋਟਰਾਂ ਦੀਆਂ ਕੇਬਲਾਂ ਅਤੇ ਤਾਰਾਂ, ਲੋਹੇ ਅਤੇ ਸਟੀਲ ਦੀਆਂ ਡਿਲਿਵਰੀ ਪਾਈਪਾਂ, ਜ਼ਮੀਨਦੋਜ਼ ਪਾਈਪਾਂ ਦੇ ਨੱਕੇ, ਸਟਾਰਟਰਾਂ, ਗੇਟਾਂ ਅਤੇ ਹੋਰ ਕੀਮਤੀ ਸਾਮਾਨ ਦੀਆਂ ਚੋਰੀਆਂ ਬੜੇ ਧੜੱਲੇ ਅਤੇ ਬੇਖ਼ੌਫ ਢੰਗ ਨਾਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਸਮੱਸਿਆ ਹੈ, ਜਿਸ ਨਾਲ ਨਾ ਸਿਰਫ਼ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ, ਸਗੋਂ ਕਿਸਾਨਾਂ ਨੂੰ ਵੀ ਭਾਰੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੁੰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਇਸ ਸਮੱਸਿਆ ਦਾ ਕੋਈ ਢੁਕਵਾਂ ਹੱਲ ਕੱਢ ਕੇ ਕਿਸਾਨਾਂ ਨੂੰ ਰਾਹਤ ਦੇਵੇ।
ਟਰਾਂਸਫ਼ਾਰਮਰ ਚੋਰੀ ਹੋਣ ਕਰਕੇ ਬਿਜਲੀ ਵਿਭਾਗ ਨੂੰ ਝਲਣਾ ਪੈ ਰਿਹਾ ਕਰੋੜਾਂ ਦਾ ਵਿੱਤੀ ਨੁਕਸਾਨ, ਕਿਸਾਨ ਹੋ ਰਹੇ ਨੇ ਖੱਜਲ-ਖੁਆਰ
ਅਜੀਤ ਡੈਸਕ
22-06-2026