ਆਲਮਗੀਰ, 11 ਜੁਲਾਈ (ਜਰਨੈਲ ਸਿੰਘ ਪੱਟੀ)-ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਗਿੱਲ ਦੇ ਇਲਾਕਾ ਬਚਿੱਤਰ ਨਗਰ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੀ ਭਰੀ ਬੱਸ ਨੂੰ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਹਾਜ਼ਰੀਨ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੈਂਬਰ ਖੰਨਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 60 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾ ਕੇ ਦਰਸ਼ਨ ਕਰਵਾਏ ਜਾਂਦੇ ਹਨ। ਮੈਂਬਰ ਖੰਨਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਵਰਗ ਦੀ ਭਲਾਈ ਲਈ ਯੋਜਨਾਵਾਂ ਆਰੰਭ ਕਰਕੇ ਸੂਬਾ ਵਾਸੀਆਂ ਨੂੰ ਖ਼ੁਸ਼ਹਾਲੀ ਦੇ ਰਸਤੇ ’ਤੇ ਅੱਗੇ ਤੋਰਿਆ ਜਾ ਰਿਹਾ ਹੈ। ਇਸ ਮੌਕੇ ਖੰਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਵਣ ਪੁੱਤਰ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਇਹ ਸਰਵਣ ਯੁੱਗ ਚੱਲ ਰਿਹਾ ਹੈ, ਤਾਹੀ ਤਾਂ ਮੁੱਖ ਮੰਤਰੀ ਮਾਨ ਬਜ਼ੁਰਗਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾ ਰਿਹਾ ਹੈ। ਉਨ੍ਹਾਂ ਨੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਅਤੇ ਉੱਦਮ ਸਦਕਾ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਸ ਮੌਕੇ ਪ੍ਰਵੀਨ ਬਾਂਸਲ, ਸਤਿਨਾਮ ਸਿੰਘ, ਜਤਿੰਦਰਪਾਲ ਸਿੰਘ ਗਾਬੜੀਆ, ਮਨਜੀਤ ਸਿੰਘ, ਰਵਿੰਦਰ ਸਿੰਘ ਊਭੀ, ਜਸਵੀਰ ਸਿੰਘ, ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।