ਲੁਧਿਆਣਾ, 11 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹੀਦ ਭਗਤ ਸਿੰਘ ਨਗਰ ਦੀ 475 ਏਕੜ ਸਕੀਮ ਵਿਚ ਸਿਟੀ ਸੈਂਟਰ ਨੇੜੇ ਜੀ ਅਤੇ ਐਚ ਬਲਾਕ ਨੂੰ ਜੋੜਦੀ ਸੜਕ ਇਕ ਵਾਰ ਫਿਰ ਧਸ ਜਾਣ ਕਾਰਨ ਇਲਾਕਾ ਨਿਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ। ਬਰਸਾਤ ਹੋਣ ਤੋਂ ਬਾਅਦ ਸੜਕ ਦੇ ਦੋ ਸਥਾਨਾਂ ’ਤੇ ਡੂੰਘੇ ਟੋਏ ਬਣ ਗਏ ਹਨ, ਜਿਸ ਕਾਰਨ ਇਹ ਰਸਤਾ ਆਵਾਜਾਈ ਲਈ ਖ਼ਤਰਨਾਕ ਬਣ ਗਿਆ ਹੈ। ਹਾਲ ਹੀ ਵਿਚ ਇਸ ਇਲਾਕੇ ਦੀਆਂ ਧਸੀਆਂ ਸੜਕਾਂ ਨੂੰ ਲੈ ਕੇ ਨਿਵਾਸੀਆਂ ਨੇ ਸ਼ਿਕਾਇਤਾਂ ਵੀ ਕੀਤੀਆਂ ਸਨ ਅਤੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਜਲਦੀ ਮੁਰੰਮਤ ਦਾ ਭਰੋਸਾ ਵੀ ਦਿੱਤਾ ਸੀ। ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਸਨਿਚਰਵਾਰ ਸਵੇਰੇ ਕਰੀਬ 8 ਵਜੇ ਉਹ ਟਿਊਬਵੈੱਲ ਨੇੜੇ ਤੋਂ ਲੰਘ ਰਹੇ ਸਨ ਤਾਂ ਇਕ ਨੌਜਵਾਨ ਮੋਟਰਸਾਈਕਲ ਸਵਾਰ ਸੜਕ ਪਾਰ ਕਰਦੇ ਸਮੇਂ ਅਚਾਨਕ ਧਸੀ ਹੋਈ ਥਾਂ ਵਿਚ ਫਸ ਗਿਆ। ਉਨ੍ਹਾਂ ਨੇ ਤੁਰੰਤ ਆਪਣਾ ਸਕੂਟਰ ਰੋਕ ਕੇ ਨੇੜਲੇ ਵਸਨੀਕ ਦੀ ਮਦਦ ਨਾਲ ਨੌਜਵਾਨ ਅਤੇ ਉਸ ਦਾ ਮੋਟਰਸਾਈਕਲ ਸੁਰੱਖਿਅਤ ਬਾਹਰ ਕੱਢਿਆ। ਅਰਵਿੰਦ ਸ਼ਰਮਾ ਦਾ ਦਾਅਵਾ ਹੈ ਕਿ ਬਚਾਅ ਕਾਰਵਾਈ ਦੌਰਾਨ ਵੀ ਸੜਕ ਹੋਰ ਧਸਦੀ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੜਕ ਪਹਿਲਾ ਵੀ ਧਸ ਚੁੱਕੀ ਹੈ। ਉਸ ਵੇਲੇ ਟੋਏ ਨੂੰ ਮਲਬੇ ਨਾਲ ਭਰ ਕੇ ਅਸਥਾਈ ਤੌਰ ’ਤੇ ਆਵਾਜਾਈ ਚਾਲੂ ਕਰ ਦਿੱਤੀ ਗਈ ਸੀ, ਪਰ ਸਥਾਈ ਮੁਰੰਮਤ ਨਾ ਹੋਣ ਕਾਰਨ ਤਾਜ਼ਾ ਬਰਸਾਤ ਤੋਂ ਬਾਅਦ ਸੜਕ ਮੁੜ ਧਸ ਗਈ। ਉਨ੍ਹਾਂ ਅਨੁਸਾਰ ਇਸ ਕਾਰਨ ਹਰ ਬਰਸਾਤ ਵਿਚ ਲੋਕਾਂ ਦੀ ਸੁਰੱਖਿਆ ਖ਼ਤਰੇ ਵਿਚ ਪੈ ਜਾਂਦੀ ਹੈ। ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਜੀ ਤੇ ਐਚ ਬਲਾਕ ਨੂੰ ਜੋੜਦੀ ਇਸ ਸੜਕ ਨੂੰ ਮਾਨਸੂਨ ਦੌਰਾਨ ਅਸਥਾਈ ਤੌਰ ’ਤੇ ਬੈਰੀਕੇਡ ਲਗਾ ਕੇ ਬੰਦ ਕੀਤਾ ਜਾਵੇ, ਨਾਲ ਹੀ ਚਿਤਾਵਨੀ ਬੋਰਡ ਲਗਾਏ ਜਾਣ ਤੇ ਸਥਾਈ ਮੁਰੰਮਤ ਹੋਣ ਤੋਂ ਬਾਅਦ ਹੀ ਇਸ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇ।