ਫੁੱਲਾਂਵਾਲ, 19 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਦੇ ਕਿੰਡਰਗਾਰਟਨ ਵਿੰਗ ਵਲੋਂ ਸਮਰ ਸਪਲੈਸ਼ ਬੈਸ਼ ਪੂਲ ਦੇ ਥੀਮ ਅਧੀਨ ਪੂਲ ਪਾਰਟੀ ਦਿੱਤੀ ਗਈ, ਜਿਸ ਦੌਰਾਨ ਪੂਲ ਸਾਈਡ ਨੂੰ ਗ਼ੁਬਾਰਿਆਂ ਅਤੇ ਬੰਟਿੰਗ ਨਾਲ ਸਜਾਇਆ ਗਿਆ ਸੀ ਅਤੇ ਬੱਚੇ ਆਪਣੇ ਦੋਸਤਾਂ ’ਤੇ ਪਾਣੀ ਛਿੜਕਦੇ ਅਤੇ ਤੈਰਦੇ ਖਿਡੌਣਿਆਂ ਨਾਲ ਖੇਡਦੇ ਹੋਏ ਪਾਰਟੀ ਦਾ ਆਨੰਦ ਮਾਣਦੇ ਨਜ਼ਰ ਆਏ। ਕਿੰਡਰਗਾਰਟਨ ਵਿੰਗ ਦੇ ਸਾਰੇ ਅਧਿਆਪਕ ਅਤੇ ਹੋਰ ਸਟਾਫ਼ ਮੈਂਬਰ ਬੱਚਿਆਂ ਦੀ ਸੁਰੱਖਿਆ ਲਈ ਪੂਲ ਸਾਈਡ ’ਤੇ ਮੌਜੂਦ ਸਨ। ਬੱਚਿਆਂ ਨੇ ਬਾਰਸ਼ ਵਾਲੇ ਮੌਸਮ ਵਿਚ ਮਸਤੀ ਕਰਦੇ ਹੋਏ ਜੂਬੀ ਡੂਬੀ ਗੀਤ ’ਤੇ ਡਾਂਸ ਵੀ ਕੀਤਾ, ਜਿਸ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ, ਪ੍ਰਿੰਸੀਪਲ ਕਿਰਨਜੀਤ ਕੌਰ, ਵਾਇਸ ਪ੍ਰਿੰਸੀਪਲ ਸ਼ੈਲਜਾ ਬਾਵਾ ਤੇ ਕੋਆਰਡੀਨੇਟਰ ਰਮਨਦੀਪ ਸਿੰਘ ਨੇ ਇਸ ਪਾਰਟੀ ਵਿਚ ਵਿਸ਼ੇਸ਼ ਤੋਰ ’ਤੇ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨਾਲ ਖੇਡ ਕੇ ਇਸ ਪਾਰਟੀ ਦੇ ਅਨੰਦ ਨੂੰ ਚਾਰ ਚੰਨ ਲਾਏ। ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਨਾ ਸਿਰਫ਼ ਸਰੀਰਕ ਤੌਰ ’ਤੇ ਸਗੋਂ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾਉਂਦੀਆਂ ਹਨ।