ਆਲਮਗੀਰ, 21 ਜੁਲਾਈ (ਜਰਨੈਲ ਸਿੰਘ ਪੱਟੀ)-ਬਿਜਲੀ ਬੋਰਡ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਬਿਜਲੀ ਬੋਰਡ ਦਫ਼ਤਰ ਆਲਮਗੀਰ ਵਿਖੇ ਰੋਸ ਧਰਨਾ ਦੇ ਕੇ ਗੇਟ ਰੈਲੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਹਕੂਮਤ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਮਹਿੰਗਾਈ ਭੱਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨਾ, ਮੁਲਾਜ਼ਮਾਂ ਵਿਚ ਭਾਰੀ ਰੋਸ ਦਾ ਕਾਰਨ ਅਤੇ ਚਿੰਤਾਜਨਕ ਤਣਾਅ ਬਣਿਆ ਹੋਇਆ ਹੈ। ਇਸੇ ਰੋਸ ਦੇ ਪ੍ਰਗਟਾਵੇ ਵਜੋਂ ਪੰਜਾਬ ਭਰ ਦੇ ਸਮੂਹ ਬਿਜਲੀ ਮੁਲਾਜ਼ਮ 21 ਅਤੇ 22 ਜੁਲਾਈ ਨੂੰ ਸਮੂਹਕ ਛੁੱਟੀ ਲੈ ਕੇ ਸਰਕਾਰ ਅਤੇ ਪ੍ਰਬੰਧਨ ਦੀ ਮੁਲਾਜ਼ਮ ਵਿਰੋਧੀ ਨੀਤੀ ਦਾ ਡਟਵਾਂ ਵਿਰੋਧ ਸਮੂਹ ਬਿਜਲੀ ਕਾਮਿਆਂ ਵਲੋਂ 2 ਦਿਨ ਦੀ ਸਮੂਹਿਕ ਛੁੱਟੀ ਭਰਕੇ ਕੀਤਾ ਜਾ ਰਿਹਾ ਹੈ। ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਗਲੇ ਦੋ ਦਿਨਾਂ ਦੇ ਅੰਦਰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਅਤੇ ਹੋਰ ਪ੍ਰਵਾਨਿਤ ਮੰਗਾਂ ਨੂੰ ਲਾਗੂ ਕਰਨ ਸਬੰਧੀ ਠੋਸ ਫ਼ੈਸਲਾ ਨਾ ਲਿਆ, ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹੜਤਾਲ ਨੂੰ ਅੱਗੇ ਵਧਾਉਣ ਵਿਚ ਬਿਜਲੀ ਕਾਮੇ ਕਦੀ ਵੀ ਗੁਰੇਜ਼ ਨਹੀਂ ਕਰਨਗੇ। ਯੂਨੀਅਨ ਦੇ ਆਗੂਆਂ ਨੇ ਸਿਆਸੀ ਆਧਾਰ ‘ਤੇ ਪੂਰੇ ਸੂਬੇ ਵਿਚ ਜੇਈਜ਼ ਦੀਆਂ ਕੀਤੀਆਂ ਨਾਜਾਇਜ਼ ਬਦਲੀਆਂ ਦੀ ਵੀ ਨਿਖੇਧੀ ਕੀਤੀ। ਅਤੇ ਨਾਜਾਇਜ਼ ਕੀਤੀਆਂ ਬਦਲੀਆਂ ਨੂੰ ਰੱਦ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਯੂਨੀਅਨ ਦੇ ਆਗੂਆਂ ਸੰਦੀਪ ਸਿੰਘ ਜੇਈ, ਕੁਲਦੀਪ ਸਿੰਘ ਜੇਈ, ਗੁਰਮੀਤ ਸਿੰਘ ਜੇਈ, ਸੈਕਟਰੀ ਗੁਰਮੇਲ ਸਿੰਘ, ਅਜੀਤਪਾਲ ਸਿੰਘ ਮੀਤ ਪ੍ਰਧਾਨ, ਖ਼ਜ਼ਾਨਚੀ ਦਲਜੀਤ ਸਿੰਘ, ਜਸਵਿੰਦਰ ਡੇਹਲੋਂ, ਗੁਰਮੀਤ ਭੁੱਟਾ, ਬਲਵਿੰਦਰ ਸਿੰਘ ਜੇਈ, ਸੁਖਵਿੰਦਰ ਸਿੰਘ ਕੰਟੀਜੈਟ, ਹਰਵਿੰਦਰ ਸਿੰਘ ਭੱਟੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਬਿਜਲੀ ਦਫ਼ਤਰ ਆਲਮਗੀਰ ਦੇ ਕਾਮਿਆਂ ਨੇ ਮੰਗਾਂ ਦੇ ਹੱਕ ’ਚ ਦਿੱਤਾ ਰੋਸ ਧਰਨਾ
ਅਜੀਤ ਡੈਸਕ
22-07-2026